ਵਿੱਦਿਆ ਦੇ ਮੰਦਰ ‘ਚੋਂ ਚੋਰ ਨੇ ਪੜ੍ਹਾਈ ਦੀ ਜਗ੍ਹਾ ਚੁੱਕ ਲਿਆ ਕੀਮਤੀ ਸਮਾਨ ਤੇ ਪੈਸੇ
ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਵਿਖੇ ਇੱਕ ਨਿੱਜੀ ਸਕੂਲ ਵਿੱਚ ਰਾਤ ਸਮੇਂ ਇੱਕ ਸ਼ਾਤਰ ਚੋਰ ਵੱਲੋਂ ਸਕੂਲ ਦੇ ਤਾਲੇ ਤੋੜ ਕੇ ਅੰਦਰ ਪਏ ਇਨਵੈਂਟਰ ਦੇ 2 ਬੈਟਰਿਆਂ ਸਮੇਤ ਇੱਕ ਗੈਸ ਚੁੱਲਾ ਤੇ 22 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਰੋਹਿਤ ਨੇ ਦੱਸਿਆ ਕਿ ਚੋਰ ਵੱਲੋਂ ਰਾਤ 11 ਵਜੇ ਸਕੂਲ ਦੇ ਤਾਲੇ ਤੋੜ ਕੇ ਅੰਦਰ ਪਏ 2 ਬੈਟਰੇ, ਇਕ ਗੈਸ ਚੁੱਲਾ ਅਤੇ ਦਫਤਰ ਵਿੱਚ ਰੱਖੀ 22 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਹੈ। ਚੋਰ ਨੇ ਸਾਰੇ ਕਮਰਿਆਂ ਸਮੇਤ ਆਫਿਸ ਦਾ ਵੀ ਤਾਲਾ ਤੋੜਿਆ ਅਤੇ ਆਫਿਸ ਦੇ ਅੰਦਰ ਪਈ ਨਗਦੀ ਦੇ ਨਾਲ ਹੋਰ ਸਮਾਨ ਵੀ ਚੋਰੀ ਕਰਕੇ ਲੈ ਗਿਆ। ਉਸ ਨੇ ਦੱਸਿਆ ਕਿ ਚੋਰ ਕਾਫੀ ਦੇਰ ਸਕੂਲ ਦੇ ਅੰਦਰ ਘੁੰਮਦਾ ਰਿਹਾ ਤੇ ਇੱਕ ਇੱਕ ਕਮਰਾ ਫਰੋਲਿਆ ਸੀ। ਉਸਨੇ ਦੱਸਿਆ ਕਿ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉੱਥੇ ਹੀ ਜਦੋਂ ਮਾਮਲੇ ਵਿੱਚ ਬਹਿਰਾਮਪੁਰ ਥਾਣੇ ਦੇ ਐੱਸਐੱਚਓ ਸਾਹਿਲ ਪਠਾਨੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਬੰਦ ਮਿਲਿਆ ਜਦਕਿ ਡੀਐੱਸਪੀ ਰਜਿੰਦਰ ਮਿਨਹਾਸ ਨੇ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਐੱਸਐੱਚਓ ਬਹਿਰਾਮਪੁਰ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਵਿੱਚ ਵਿਅਸਤ ਹਨ। ਉਹਨਾਂ ਕੋਲੋਂ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਹੀ ਉਹ ਕੁਝ ਕਹਿ ਸਕਦੇ ਹਨ।


