ਪਠਾਨਕੋਟ (ਸੰਜਣੀ/ਕੋਮਲ) ਪਹਾੜੀ ਇਲਾਕਿਆਂ ਵਿੱਚ ਪੈ ਰਹੇ ਭਾਰੀ ਮੀਂਹ ਨੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਮੀਂਹ ਕਾਰਨ ਪਠਾਨਕੋਟ ਦੇ ਅਰਧ-ਪਹਾੜੀ ਖੇਤਰ ਧਾਰਕਲਾਂ ਵਿੱਚ ਜ਼ਮੀਨ ਖਿਸਕਣ (ਲੈਂਡਸਲਾਈਡ) ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਕਾਰਨ ਇਲਾਕੇ ਵਿੱਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ।

ਸਭ ਤੋਂ ਵੱਧ ਅਸਰ ਨਰਾਇਣਪੁਰ-ਲਧੇਟੀ ਮੁੱਖ ਸੜਕ ‘ਤੇ ਪਿਆ ਹੈ, ਜਿੱਥੇ ਪਹਾੜੀਆਂ ਤੋਂ ਵੱਡੇ-ਵੱਡੇ ਪੱਥਰ ਅਤੇ ਮਿੱਟੀ ਡਿੱਗਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਸੜਕ ਬੰਦ ਹੋਣ ਨਾਲ ਆਸ-ਪਾਸ ਦੇ ਕਈ ਪਿੰਡਾਂ ਦਾ ਸ਼ਹਿਰ ਨਾਲੋਂ ਸੰਪਰਕ ਬਿਲਕੁਲ ਟੁੱਟ ਗਿਆ ਹੈ। ਇਸ ਤੋਂ ਇਲਾਵਾ, ਸੜਕ ਦੇ ਕੁਝ ਹਿੱਸਿਆਂ ਵਿੱਚ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਪਾਣੀ ਸੜਕ ਦੇ ਉੱਪਰੋਂ ਵਹਿ ਰਿਹਾ ਹੈ, ਜਿਸ ਨਾਲ ਲੰਘਣ ਵਾਲੇ ਲੋਕਾਂ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ।

ਰਸਤੇ ਬੰਦ ਹੋਣ ਅਤੇ ਪਾਣੀ ਦੇ ਭਾਰੀ ਵਹਾਅ ਦੇ ਚੱਲਦਿਆਂ ਖੇਤਰ ਦੇ ਕਈ ਪਿੰਡਾਂ ਦੇ ਬੱਚੇ ਅੱਜ ਸਕੂਲ ਵੀ ਨਹੀਂ ਜਾ ਸਕੇ। ਸਥਾਨਕ ਲੋਕਾਂ ਅਨੁਸਾਰ ਪ੍ਰਸ਼ਾਸਨ ਵਲੋਂ ਸੜਕ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲਗਾਤਾਰ ਹੋ ਰਹੀ ਬਾਰਿਸ਼ ਕੰਮ ‘ਚ ਰੁਕਾਵਟ ਬਣ ਰਹੀ ਹੈ। ਲੋਕਾਂ ਨੂੰ ਖਰਾਬ ਮੌਸਮ ਦੌਰਾਨ ਅਜਿਹੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ।





