Wednesday, September 23, 2026
spot_img
HomeLatest Newsਅਕਾਲੀ ਦਲ ਪੁਨਰ ਸੁਰਜੀਤ 'ਚ ਵੱਡੀ ਬਗਾਵਤ: 15 ਸੀਨੀਅਰ ਆਗੂਆਂ ਨੇ ਪਾਰਟੀ...

ਅਕਾਲੀ ਦਲ ਪੁਨਰ ਸੁਰਜੀਤ ‘ਚ ਵੱਡੀ ਬਗਾਵਤ: 15 ਸੀਨੀਅਰ ਆਗੂਆਂ ਨੇ ਪਾਰਟੀ ਛੱਡ, ‘ਵਾਰਿਸ ਪੰਜਾਬ ਦੇ’ ਨਾਲ ਮਿਲਾਇਆ ਹੱਥ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਰਾਜਨੀਤੀ ਵਿੱਚ ਅੱਜ ਇੱਕ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ‘ਅਕਾਲੀ ਦਲ ਪੁਨਰ ਸੁਰਜੀਤ’ ਦੇ 15 ਤੋਂ ਵੱਧ ਸੀਨੀਅਰ ਆਗੂਆਂ ਨੇ ਪਾਰਟੀ ਲੀਡਰਸ਼ਿਪ ਤੋਂ ਬਗਾਵਤ ਕਰਦਿਆਂ ਵੱਖਰਾ ਰਾਹ ਚੁਣਨ ਦਾ ਐਲਾਨ ਕਰ ਦਿੱਤਾ। ਇਸ ਘਟਨਾਕ੍ਰਮ ਨਾਲ ਅਕਾਲੀ ਦਲ ਪੁਨਰ ਸੁਰਜੀਤ ਨੂੰ ਇੱਕ ਹੋਰ ਕਰੜਾ ਝਟਕਾ ਲੱਗਿਆ ਹੈ, ਜਿਸ ਨਾਲ ਪਾਰਟੀ ਅੰਦਰ ਚੱਲ ਰਹੀ ਆਪਸੀ ਫੁੱਟ ਅਤੇ ਟੁੱਟ-ਭੱਜ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਗਈ ਹੈ।

ਸਾਬਕਾ ਰਾਜ ਸਭਾ ਮੈਂਬਰ ਇਕਬਾਲ ਸਿੰਘ ਝੂੰਡਾ ਦੀ ਅਗਵਾਈ ਹੇਠ ਹੋਈ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਸੰਕੇਤ ਦਿੱਤੇ ਕਿ ਉਹ ਪੰਥਕ ਏਕਤਾ ਅਤੇ ਪੰਜਾਬ ਦੇ ਹਿੱਤਾਂ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨਾਲ ਮਿਲ ਕੇ ਅੱਗੇ ਵਧਣਗੇ। ਇਸ ਪ੍ਰੈੱਸ ਕਾਨਫਰੰਸ ਵਿੱਚ ਇਕਬਾਲ ਸਿੰਘ ਝੂੰਡਾ ਸਮੇਤ ਕਈ ਪ੍ਰਮੁੱਖ ਚਿਹਰੇ ਇੱਕਜੁੱਟ ਨਜ਼ਰ ਆਏ।

ਸਥਿਤੀ ਉਸ ਵੇਲੇ ਹੋਰ ਵੀ ਦਿਲਚਸਪ ਹੋ ਗਈ ਜਦੋਂ ਦਾਖਾ ਤੋਂ ਵਿਧਾਇਕ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਵੀ ਮੌਕੇ ‘ਤੇ ਪਹੁੰਚੇ। ਦੋਵਾਂ ਧਿਰਾਂ ਦੇ ਆਗੂਆਂ ਦੀ ਇਸ ਮੁਲਾਕਾਤ ਨੇ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਤੇਜ਼ ਕਰ ਦਿੱਤੀ ਹੈ ਕਿ ਦੋਵਾਂ ਧੜਿਆਂ ਵਿਚਾਲੇ ਰਾਜਨੀਤਿਕ ਸਮਝੌਤਾ ਲਗਭਗ ਤੈਅ ਹੋ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ‘ਅਕਾਲੀ ਦਲ ਪੁਨਰ ਸੁਰਜੀਤ’ ਲਗਾਤਾਰ ਸਿਆਸੀ ਸੰਕਟ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਤੋਂ ਦੂਰੀ ਬਣਾਈ ਸੀ, ਜਿਸ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ ਅਤੇ ਪਰਮਜੀਤ ਕੌਰ ਲਾਂਡਰਾਂ ਵਰਗੇ ਦਿੱਗਜ ਨੇਤਾ ਵੀ ਪਾਰਟੀ ਅਲਵਿਦਾ ਕਹਿ ਚੁੱਕੇ ਹਨ।

ਪਾਰਟੀ ਛੱਡਣ ਵਾਲੇ ਆਗੂਆਂ ਵਿੱਚੋਂ ਕੁਝ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਏ ਹਨ, ਜਦੋਂ ਕਿ ਕੁਝ ਨੇ ਭਾਜਪਾ ਦਾ ਪੱਲਾ ਫੜ ਲਿਆ ਸੀ। ਹੁਣ ਇੱਕ ਵੱਡਾ ਧੜਾ ‘ਵਾਰਿਸ ਪੰਜਾਬ ਦੇ’ ਨਾਲ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਨਵੇਂ ਸਿਆਸੀ ਸਮੀਕਰਨ ਨੇ ਰਾਜ ਦੀ ਪੰਥਕ ਰਾਜਨੀਤੀ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments