ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਸਰਹੱਦ ਪਾਰ ਤੋਂ ਚੱਲ ਰਹੇ ਤਸਕਰੀ ਨੈੱਟਵਰਕ ਖ਼ਿਲਾਫ਼ ਵਿੱਢੀ ਗਈ ਵੱਡੀ ਮੁਹਿੰਮ ‘ਆਪਰੇਸ਼ਨ ਪ੍ਰਹਾਰ’ ਤਹਿਤ ਅੱਜ ਜ਼ਿਲ੍ਹੇ ਅੰਦਰ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ।
ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਵੱਖ-ਵੱਖ ਥਾਣਾ ਖੇਤਰਾਂ ਤੋਂ ਕਰੀਬ 40 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਨੂੰ ਸਰਹੱਦੀ ਖੇਤਰ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਵੇਰ ਵੇਲੇ ਤੋਂ ਹੀ ਜ਼ਿਲ੍ਹੇ ਦੇ ਕਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਇੱਕੋ ਸਮੇਂ ਘੇਰਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਸ ਕਾਰਵਾਈ ਦੌਰਾਨ ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰ ਸੁਖਦੇਵ ਸਿੰਘ ਨੂੰ ਵੀ ਦਬੋਚ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਬਾਕੀ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਅਤੇ ਸਰਹੱਦ ਪਾਰ ਨਾਲ ਜੁੜੇ ਪੂਰੇ ਨੈੱਟਵਰਕ ਦੀਆਂ ਕੜੀਆਂ ਨੂੰ ਜੋੜਿਆ ਜਾ ਸਕੇ।
ਡੀ.ਆਈ.ਜੀ. ਗਿੱਲ ਨੇ ਖੁਲਾਸਾ ਕੀਤਾ ਕਿ ਸਰਹੱਦੀ ਪਿੰਡ ਮਹੁਾਵਾ ਅਤੇ ਨੇਸ਼ਟਾ ਪਾਕਿਸਤਾਨੀ ਡਰੋਨਾਂ ਰਾਹੀਂ ਹੈਰੋਇਨ ਅਤੇ ਅਸਲੇ ਦੀ ਤਸਕਰੀ ਲਈ ਕਾਫ਼ੀ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸੇ ਕਾਰਨ ਪੁਲਿਸ ਨੇ ਇਹਨਾਂ ਪਿੰਡਾਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨੇ ‘ਤੇ ਲਿਆ ਹੈ। ਇੱਥੇ ਸਖ਼ਤ ਨਿਗਰਾਨੀ ਹੇਠ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਪਾਕਿਸਤਾਨੀ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਲਗਾਏ ਗਏ ਆਧੁਨਿਕ ਐਂਟੀ-ਡਰੋਨ ਸਿਸਟਮ ਕਾਰਨ ਪਾਕਿਸਤਾਨ ਵੱਲੋਂ ਭੇਜੇ ਜਾਣ ਵਾਲੇ ਡਰੋਨਾਂ ਦੀਆਂ ਗਤੀਵਿਧੀਆਂ ‘ਤੇ ਕਾਫ਼ੀ ਹੱਦ ਤੱਕ ਨੱਥ ਪਾਈ ਗਈ ਹੈ। ਇਸ ਤਕਨਾਲੋਜੀ ਦੀ ਮਦਦ ਨਾਲ ਸਰਹੱਦ ਪਾਰੋਂ ਹੋਣ ਵਾਲੀ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਨੂੰ ਰੋਕਣ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲ ਰਹੀ ਹੈ।
“ਜਾਂ ਤਾਂ ਸਰੈਂਡਰ ਕਰੋ, ਜਾਂ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ”
ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਨੇ ਕਿਹਾ:
“ਕਾਨੂੰਨ ਤੋਂ ਭੱਜਣ ਵਾਲੇ ਗੈਂਗਸਟਰ ਅਤੇ ਤਸਕਰ ਆਪਣੀ ਮਰਜ਼ੀ ਨਾਲ ਤੁਰੰਤ ਸਰੈਂਡਰ (ਆਤਮ-ਸਮਰਪਣ) ਕਰ ਦੇਣ। ਜੇਕਰ ਉਹ ਕਾਨੂੰਨ ਤੋਂ ਬਚਣ ਦੀ ਕੋਸ਼ਿਸ਼ ਕਰਨਗੇ, ਤਾਂ ਪੁਲਿਸ ਉਨ੍ਹਾਂ ਨੂੰ ਹਰ ਹਾਲ ਵਿੱਚ ਗ੍ਰਿਫ਼ਤਾਰ ਕਰੇਗੀ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਇਹ ਅਭਿਆਨ ਆਉਣ ਵਾਲੇ ਦਿਨਾਂ ਵਿੱਚ ਵੀ ਬਿਨਾਂ ਕਿਸੇ ਢਿੱਲ ਦੇ ਜਾਰੀ ਰਹੇਗਾ।”