ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਜਲੰਧਰ ‘ਚ ਗਰਜੀ ਆਪ,  ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ

ਜਲੰਧਰ (ਰੰਗਪੁਰੀ) : ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ (ਆਪ) ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸਥਾਨਕ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਏ ਭਾਰੀ ਗਿਣਤੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵਧ ਰਹੀ ਮਹਿੰਗਾਈ ਨੂੰ ਲੈ ਕੇ ਸਖ਼ਤ ਨਿਖੇਧੀ ਕੀਤੀ।

ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ੍ਰੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਜੋ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਹੁਣ ਜਦੋਂ ਸੂਬੇ ਵਿੱਚ ਝੋਨੇ ਦੀ ਲਵਾਈ ਦਾ ਅਹਿਮ ਮੌਕਾ ਹੈ, ਤਾਂ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਸਿੱਧੇ ਤੌਰ ‘ਤੇ ਕਿਸਾਨ ਵਿਰੋਧੀ ਅਤੇ ਮੰਦਭਾਗਾ ਫੈਸਲਾ ਹੈ।

‘ਆਪ’ ਆਗੂ ਨੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਇਹ ਵਾਧਾ ਸਿਰਫ਼ ਚੋਣਵੇਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੱਛਮੀ ਬੰਗਾਲ ਚੋਣਾਂ ਖ਼ਤਮ ਹੁੰਦਿਆਂ ਹੀ ਕੇਂਦਰ ਨੇ ਪੈਟਰੋਲ ₹3.14 ਪ੍ਰਤੀ ਲੀਟਰ ਵਧਾਇਆ, ਡੀਜ਼ਲ ₹3.11 ਪ੍ਰਤੀ ਲੀਟਰ ਵਧਾਇਆ, ਸੀਐਨਜੀ ₹2.00 ਪ੍ਰਤੀ ਲੀਟਰ ਵਧਾਇਆ ਅਤੇ ਕਮਰਸ਼ੀਅਲ ਐਲਪੀਜੀ ਕੀਮਤਾਂ ਵਧਾ ਕੇ ਛੋਟੇ ਵਪਾਰੀਆਂ ਦਾ ਲੱਕ ਤੋੜਿਆ।

ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮਹਿੰਗਾਈ ਘਟਾਉਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਪੂਰਾ ਦੇਸ਼ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਜੇਕਰ ਕੇਂਦਰ ਸਰਕਾਰ ਨੇ ਇਹ ਵਾਧਾ ਤੁਰੰਤ ਵਾਪਸ ਨਾ ਲਿਆ, ਤਾਂ ਆਮ ਆਦਮੀ ਪਾਰਟੀ ਆਮ ਜਨਤਾ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਹੱਕ ਵਿੱਚ ਮਹਿੰਗਾਈ ਖ਼ਿਲਾਫ਼ ਆਪਣੀ ਲੜਾਈ ਹੋਰ ਤੇਜ਼ ਕਰੇਗੀ।

ਇਸ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਅਹੁਦੇਦਾਰ ਸ਼ਾਮਲ ਹੋਏ, ਜਿਨ੍ਹਾਂ ਵਿੱਚ ਚੇਅਰਮੈਨ ਬਾਹਰੀ ਸਲਮਾਨੀ, ਹਰਚਰਨ ਸਿੰਘ ਸੰਧੂ (ਸੰਗਠਨ ਇੰਚਾਰਜ), ਅਸ਼ਵਨੀ ਅਗਰਵਾਲ, ਚੇਅਰਮੈਨ ਮੰਗਲ ਸਿੰਘ, ਕਰਮਦੀਪ ਸਿੰਘ ਸੰਨੀ (ਦੁਆਬਾ ਇੰਚਾਰਜ), ਸੰਜੀਵ ਭਗਤ (ਮੀਡੀਆ ਇੰਚਾਰਜ), ਸ਼ੋਭਾ ਭਗਤ, ਰੂਬਲ ਸੰਧੂ (ਯੂਥ ਵਿੰਗ ਪ੍ਰਧਾਨ), ਪਵਨ ਹੰਸ, ਰਿਕੀ ਮਨੋਚਾ, ਹਰਿੰਦਰਪਾਲ ਸਿੰਘ ਮਨੋਚਾ, ਇੰਦਰਵੰਸ਼ ਸਿੰਘ ਚੱਢਾ, ਚਾਹਤ ਕੌਰ, ਭਾਰਤ ਭੂਸ਼ਨ, ਬਿਨੀ ਜੁਨੇਜਾ, ਕੌਂਸਲਰ ਅਮਿਤ ਢੱਲ, ਕੌਂਸਲਰ ਡੀਪਕ ਸ਼ਾਰਦਾ ਅਤੇ ਜਗਦੀਸ਼ ਸਮਰਾਏ ਸਮੇਤ ਭਾਰੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।

error: Content is protected !!