ਹੁਸ਼ਿਆਰਪੁਰ ਦੇ ਪਿੰਡ ਚੱਕ ਸਵਾਨਾ ਵਿੱਚ ਵੱਡਾ ਹਾਦਸਾ: ਮਾਸੂਮ ਬੱਚਾ ਬੋਰਵੈੱਲ ‘ਚ ਡਿੱਗਿਆ, ਬਚਾਅ ਕਾਰਜ ਜਾਰੀ

ਹੁਸ਼ਿਆਰਪੁਰ (ਰੰਗਪੁਰੀ): ਹੁਸ਼ਿਆਰਪੁਰ ਦੇ ਪਿੰਡ ਚੱਕ ਸਵਾਨਾ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇੱਕ ਮਾਸੂਮ ਬੱਚਾ ਖੇਡਦੇ-ਖੇਡਦੇ ਅਚਾਨਕ ਇੱਕ ਡੂੰਘੇ ਬੋਰਵੈੱਲ ਵਿੱਚ ਜਾ ਡਿੱਗਿਆ। ਘਟਨਾ ਦੀ ਖ਼ਬਰ ਮਿਲਦੇ ਹੀ ਪੂਰੇ ਇਲਾਕੇ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਪ੍ਰਸ਼ਾਸਨਿਕ ਟੀਮਾਂ ਅਤੇ ਐੱਨ.ਡੀ.ਆਰ.ਐੱਫ. (NDRF) ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੇ ਪੱਧਰ ‘ਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

ਸਥਾਨਕ ਲੋਕਾਂ ਮੁਤਾਬਕ ਬੱਚਾ ਬੋਰਵੈੱਲ ਵਾਲੀ ਜਗ੍ਹਾ ਦੇ ਕੋਲ ਹੀ ਖੇਡ ਰਿਹਾ ਸੀ, ਜਿੱਥੇ ਪੈਰ ਫਿਸਲਣ ਕਾਰਨ ਉਹ ਗ਼ਲਤੀ ਨਾਲ ਬੋਰਵੈੱਲ ਦੇ ਅੰਦਰ ਡਿੱਗ ਗਿਆ। ਬੱਚੇ ਦੇ ਡਿੱਗਣ ਦੀ ਭਣਕ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ ਰੌਲਾ ਪਾਇਆ ਅਤੇ ਬਿਨਾਂ ਸਮਾਂ ਗਵਾਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ (DC) ਆਸ਼ਿਕਾ ਜੈਨ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਖ਼ੁਦ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਬੋਰਵੈੱਲ ਦੇ ਅੰਦਰ ਲਗਭਗ 25 ਫੁੱਟ ਦੀ ਡੂੰਘਾਈ ‘ਤੇ ਬੋਰਵੈੱਲ ਦੀ ਸਾਈਡਵਾਲ ਅਤੇ ਪਾਈਪ ਦੇ ਵਿਚਕਾਰ ਫਸਿਆ ਹੋਇਆ ਹੈ।

ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ਼ ਨਾ ਹੋਵੇ, ਇਸ ਲਈ ਪਾਈਪ ਰਾਹੀਂ ਲਗਾਤਾਰ ਆਕਸੀਜਨ ਦੀ ਸਪਲਾਈ ਦਿੱਤੀ ਜਾ ਰਹੀ ਹੈ। ਬੱਚੇ ਦੀ ਹਰ ਹਰਕਤ ਅਤੇ ਹਾਲਤ ‘ਤੇ ਨਜ਼ਰ ਰੱਖਣ ਲਈ ਸ਼ਾਫਟ ਦੇ ਅੰਦਰ ਵਿਸ਼ੇਸ਼ ਕੈਮਰੇ ਉਤਾਰੇ ਗਏ ਹਨ। ਬੱਚੇ ਤੱਕ ਸੁਰੱਖਿਅਤ ਤਰੀਕੇ ਨਾਲ ਪਹੁੰਚਣ ਲਈ ਬੋਰਵੈੱਲ ਦੇ ਬਿਲਕੁਲ ਕੋਲ ਇੱਕ ਸਮਾਨੰਤਰ (ਪੈਰਲਲ) ਵੱਡਾ ਖੱਡਾ ਪੁੱਟਣ ਲਈ ਜੇਸੀਬੀ (JCB) ਮਸ਼ੀਨਾਂ ਕੰਮ ‘ਤੇ ਲਗਾ ਦਿੱਤੀਆਂ ਗਈਆਂ ਹਨ।

ਉਹਨਾਂ ਮੁਤਾਬਿਕ ਪ੍ਰਸ਼ਾਸਨ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ। ਦੇਰ ਰਾਤ ਤੱਕ ਬਚਾਅ ਕਾਰਜ ਲਗਾਤਾਰ ਜਾਰੀ ਹਨ ਅਤੇ ਸਾਡੀ ਪੂਰੀ ਕੋਸ਼ਿਸ਼ ਬੱਚੇ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਾਹਰ ਕੱਢਣ ਦੀ ਹੈ।

ਪਿੰਡ ਵਿੱਚ ਇਸ ਵੇਲੇ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ। ਮੌਕੇ ‘ਤੇ ਮੌਜੂਦ ਹਰ ਇੱਕ ਸ਼ਖਸ ਅਤੇ ਪਰਿਵਾਰਕ ਮੈਂਬਰ ਬੱਚੇ ਦੀ ਸਲਾਮਤੀ ਲਈ ਅਰਦਾਸਾਂ ਅਤੇ ਪ੍ਰਾਰਥਨਾਵਾਂ ਕਰ ਰਿਹਾ ਹੈ। ਟੀਮਾਂ ਵੱਲੋਂ ਜੰਗੀ ਪੱਧਰ ‘ਤੇ ਕੋਸ਼ਿਸ਼ਾਂ ਜਾਰੀ ਹਨ।

error: Content is protected !!