ਚੰਡੀਗੜ੍ਹ (ਵੀਓਪੀ ਬਿਊਰੋ) ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੀ ਭੈਣ ਅਲਵੀਰਾ ਖਾਨ ਅਗਨੀਹੋਤਰੀ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਬੀਇੰਗ ਹਿਊਮਨ ਜਵੈਲਰੀ ਫਰੈਂਚਾਈਜ਼ੀ ਨਾਲ ਜੁੜੇ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਵਿੱਚ Style and Content Jewellery Pvt Ltd ਦੇ ਡਾਇਰੈਕਟਰਾਂ ਨੂੰ ਵੀ ਅਦਾਲਤ ਵੱਲੋਂ ਤਲਬ ਕੀਤਾ ਗਿਆ ਹੈ।

ਕਿਵੇਂ ਸ਼ੁਰੂ ਹੋਇਆ ਮਾਮਲਾ?
ਇਹ ਮਾਮਲਾ ਚੰਡੀਗੜ੍ਹ ਦੇ ਕਾਰੋਬਾਰੀ ਅਰੁਣ ਗੁਪਤਾ ਦੀ ਸ਼ਿਕਾਇਤ ਤੋਂ ਸ਼ੁਰੂ ਹੋਇਆ। ਗੁਪਤਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਨੀਮਾਜਰਾ ਵਿੱਚ Being Human Jewellery ਦਾ ਸ਼ੋਰੂਮ ਖੋਲ੍ਹਣ ਲਈ ਕਰੀਬ 3 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਵਿੱਚ ਲਗਭਗ 1 ਕਰੋੜ ਰੁਪਏ ਸ਼ੋਰੂਮ ਸਥਾਪਤ ਕਰਨ ‘ਤੇ ਖਰਚ ਕੀਤੇ ਗਏ।
ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨਾਲ ਫਰੈਂਚਾਈਜ਼ੀ ਸਮਝੌਤਾ ਕਰਨ ਵੇਲੇ ਉਨ੍ਹਾਂ ਨੂੰ ਕਾਰੋਬਾਰ ਲਈ ਪੂਰਾ ਸਹਿਯੋਗ, ਮਾਰਕੀਟਿੰਗ ਸਹਾਇਤਾ ਅਤੇ ਜਵੈਲਰੀ ਦੀ ਲਗਾਤਾਰ ਸਪਲਾਈ ਦਾ ਭਰੋਸਾ ਦਿੱਤਾ ਗਿਆ ਸੀ।

ਕਾਰੋਬਾਰੀ ਦੇ ਦੋਸ਼
ਅਰੁਣ ਗੁਪਤਾ ਦਾ ਦੋਸ਼ ਹੈ ਕਿ ਸ਼ੋਰੂਮ ਸ਼ੁਰੂ ਹੋਣ ਤੋਂ ਬਾਅਦ ਕੰਪਨੀ ਆਪਣੇ ਵਾਅਦਿਆਂ ‘ਤੇ ਖਰੀ ਨਹੀਂ ਉਤਰੀ। ਉਨ੍ਹਾਂ ਮੁਤਾਬਕ ਫਰਵਰੀ 2020 ਤੋਂ ਜਵੈਲਰੀ ਸਪਲਾਈ ਕਰਨ ਵਾਲਾ ਸਟੋਰ ਬੰਦ ਰਿਹਾ, ਜਿਸ ਕਾਰਨ ਮਾਲ ਦੀ ਸਪਲਾਈ ਪ੍ਰਭਾਵਿਤ ਹੋਈ ਅਤੇ ਕਾਰੋਬਾਰ ਨੂੰ ਭਾਰੀ ਨੁਕਸਾਨ ਝੱਲਣਾ ਪਿਆ।
ਗੁਪਤਾ ਨੇ ਇਹ ਵੀ ਦੋਸ਼ ਲਗਾਇਆ ਕਿ ਕੰਪਨੀ ਨਾਲ ਜੁੜੇ ਛੇ ਵਿਅਕਤੀਆਂ ਨੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਫਰੈਂਚਾਈਜ਼ੀ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਦੇ ਨਾਮ ਅਤੇ Being Human ਬ੍ਰਾਂਡ ਨਾਲ ਜੁੜੀ ਭਰੋਸੇਯੋਗਤਾ ਦੇ ਕਾਰਨ ਹੀ ਉਨ੍ਹਾਂ ਨੇ ਇਹ ਨਿਵੇਸ਼ ਕੀਤਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਵਾਅਦਾ ਕੀਤੀ ਗਈ ਪ੍ਰਚਾਰਕ ਸਹਾਇਤਾ ਵੀ ਨਹੀਂ ਮਿਲੀ।





