ਜਲੰਧਰ (ਵੀਓਪੀ ਬਿਊਰੋ) ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਜ਼ਿਲ੍ਹਾ ਜਲੰਧਰ ਦੀ ਟੀਮ ਵੱਲੋਂ ਸਾਬਕਾ ਸੈਨਿਕਾਂ ਦੇ ਵੈਲਫੇਅਰ ਮੰਤਰੀ ਮਹਿੰਦਰ ਭਗਤ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਟੀਮ ਵੱਲੋਂ ਪਿਛਲੇ ਮਹੀਨੇ ਭਗਤ ਜੀ ਨੂੰ ਸਾਬਕਾ ਸੈਨਿਕਾਂ ਦੀਆਂ ਮੰਗਾਂ ਸਬੰਧੀ ਦਿੱਤੇ ਗਏ ਮੈਮੋਰੈਂਡਮ ’ਤੇ ਹੋਈ ਕਾਰਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਮੰਤਰੀ ਜੀ ਵੱਲੋਂ ਸਾਬਕਾ ਸੈਨਿਕਾਂ ਲਈ ਸੇਵਾ ਬੋਰਡਾਂ ਵਿੱਚ ਕੁੱਲ 49 ਅਸਾਮੀਆਂ ਸਾਬਕਾ ਸੈਨਿਕਾਂ ਲਈ ਸਿੱਧੀ ਭਰਤੀ ਰਾਹੀਂ ਰੱਖਣ ਸਬੰਧੀ ਕੀਤੇ ਗਏ ਉਪਰਾਲੇ ਲਈ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀ ਮਹਿੰਦਰ ਭਗਤ ਜੀ ਨੂੰ ਬੁੱਕੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਮੁਲਾਕਾਤ ਦੌਰਾਨ ਮੈਮੋਰੈਂਡਮ ਵਿੱਚ ਦਰਜ ਬਾਕੀ ਰਹਿੰਦੀਆਂ ਮੰਗਾਂ ਬਾਰੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਮਹਿੰਦਰ ਭਗਤ ਜੀ ਨੇ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਬਾਕੀ ਪੈਂਡਿੰਗ ਮੰਗਾਂ ਨੂੰ ਵੀ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਯੋਗ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਜਸਪਾਲ ਸਿੰਘ ਜੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਨ੍ਹਾਂ ਵੱਲੋਂ ਵੀ ਸ੍ਰੀ ਮਹਿੰਦਰ ਭਗਤ ਜੀ ਨਾਲ ਸਾਬਕਾ ਸੈਨਿਕਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਕੈਪਟਨ ਭੁਪਿੰਦਰ ਸਿੰਘ, ਜਨਰਲ ਸਕੱਤਰ, ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਪਹਿਲਾਂ ਦਿੱਤੇ ਮੈਮੋਰੈਂਡਮ ਵਿੱਚ ਰਹਿ ਗਈਆਂ ਮੰਗਾਂ ਬਾਰੇ ਮੰਤਰੀ ਜੀ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਕੈਪਟਨ ਹਰਦੇਵ ਸਿੰਘ, ਜ਼ਿਲ੍ਹਾ ਪ੍ਰੈਜ਼ੀਡੈਂਟ ਜਲੰਧਰ ਵੱਲੋਂ ਸਾਬਕਾ ਸੈਨਿਕਾਂ ਨਾਲ ਸਬੰਧਤ ਕੁਝ ਨਵੀਆਂ ਮੰਗਾਂ ਅਤੇ ਸਮੱਸਿਆਵਾਂ ਵੀ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ।






