Sunday, October 4, 2026
spot_img
HomeLatest Newsਜਥੇਦਾਰ ਜੀ, ਸਿੱਖ ਆਬਾਦੀ ਦੀ ਚਿੰਤਾ ’ਚ ਧਰਮ ਪਰਿਵਰਤਨ ਨੂੰ ਅਣਡਿੱਠਾ ਨਹੀਂ...

ਜਥੇਦਾਰ ਜੀ, ਸਿੱਖ ਆਬਾਦੀ ਦੀ ਚਿੰਤਾ ’ਚ ਧਰਮ ਪਰਿਵਰਤਨ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ: ਪ੍ਰੋ. ਸਰਚਾਂਦ ਸਿੰਘ ਖਿਆਲਾ

ਬੱਚਿਆਂ ਦੀ ਗਿਣਤੀ ਵਧਾਉਣ ਦੇ ਨਾਲ ਸਿੱਖ ਆਬਾਦੀ ਘਟਣ ਦੇ ਅਸਲ ਕਾਰਨਾਂ ’ਤੇ ਵੀ ਹੋਵੇ ਚਰਚਾ

ਅੰਮ੍ਰਿਤਸਰ,(ਵੀਓਪੀ ਬਿਊਰੋ )ਭਾਜਪਾ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹਰ ਸਿੱਖ ਪਰਿਵਾਰ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਕੀਤੀ ਨਸੀਹਤ ਪੰਥਕ ਅਤੇ ਸਮਾਜਿਕ ਪੱਖੋਂ ਸਵਾਗਤਯੋਗ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਉਸ ਵੇਲੇ ਅਧੂਰਾ ਰਹਿ ਜਾਂਦਾ ਹੈ, ਜਦੋਂ ਸਿੱਖ ਆਬਾਦੀ ਘਟਣ ਦੇ ਅਸਲ ਕਾਰਨਾਂ ਵਿੱਚ ਧਰਮ ਪਰਿਵਰਤਨ ਵਰਗੀ ਗੰਭੀਰ ਚੁਣੌਤੀ ਦਾ ਜ਼ਿਕਰ ਨਾ ਕੀਤਾ ਜਾਵੇ।

ਸਰਹੱਦੀ ਖੇਤਰਾਂ ਵਿੱਚ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਦਾ ਮੁੱਦਾ ਉਠਾਇਆ

ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਦੇ ਗ਼ਰੀਬ ਅਤੇ ਪਛੜੇ ਸਿੱਖ ਪਰਿਵਾਰਾਂ, ਖ਼ਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਹੋ ਰਹੇ ਕਥਿਤ ਧਰਮ ਪਰਿਵਰਤਨ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਬੱਚਿਆਂ ਦੀ ਗਿਣਤੀ ਵਧਾਉਣ ਤੱਕ ਗੱਲ ਨੂੰ ਸੀਮਤ ਰੱਖਣਾ ਸਮੱਸਿਆ ਦਾ ਪੂਰਾ ਹੱਲ ਨਹੀਂ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਅਖੌਤੀ ਚਰਚਾਂ ਵੱਲੋਂ ਚਲਾਈਆਂ ਜਾ ਰਹੀਆਂ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਰਾਜਨੀਤਿਕ ਲਾਭਾਂ ਕਾਰਨ ਗੰਭੀਰਤਾ ਨਾਲ ਨਹੀਂ ਰੋਕਿਆ ਗਿਆ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪਰਿਵਰਤਨ ਦੇ ਮੁੱਦੇ ਪ੍ਰਤੀ ਅਪਣਾਏ ਜਾ ਰਹੇ ਰਵੱਈਏ ’ਤੇ ਵੀ ਸਵਾਲ ਉਠਾਏ।

ਸਿੱਖ ਆਬਾਦੀ ਦਾ ਮੁੱਦਾ ਸਿਰਫ਼ ਗਿਣਤੀ ਤੱਕ ਸੀਮਤ ਨਾ ਰਹੇ

ਪ੍ਰੋ. ਖਿਆਲਾ ਨੇ ਕਿਹਾ ਕਿ ਜਥੇਦਾਰ ਦਾ ਬਿਆਨ ਉਸ ਸਮੇਂ ਪੰਥਕ ਨਾਲੋਂ ਵੱਧ ਰਾਜਨੀਤਿਕ ਰੰਗ ਧਾਰਨ ਕਰਦਾ ਹੈ, ਜਦੋਂ ਅਣਵੰਡੇ ਪੰਜਾਬ ਵਿੱਚ ਸਿੱਖਾਂ ਦੀ 50 ਫ਼ੀਸਦੀ ਜ਼ਮੀਨ ਮਾਲਕੀ ਅਤੇ ਕੇਵਲ ਦੋ ਜ਼ਿਲ੍ਹਿਆਂ ਵਿੱਚ ਬਹੁਗਿਣਤੀ ਦਾ ਹਵਾਲਾ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸੱਤਾ ਅਤੇ ਨੁਮਾਇੰਦਗੀ ਦਾ ਆਧਾਰ ਆਬਾਦੀ ਦੀ ਗਿਣਤੀ ਹੁੰਦੀ ਹੈ। ਇਸ ਲਈ ਅਜਿਹੇ ਤਰਕਾਂ ਦੇ ਰਾਜਨੀਤਿਕ ਅਰਥ ਵੀ ਨਿਕਲ ਸਕਦੇ ਹਨ।

ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੀ ਸਥਿਤੀ ’ਤੇ ਚਿੰਤਾ

ਪ੍ਰੋ. ਖਿਆਲਾ ਨੇ ਦਾਅਵਾ ਕੀਤਾ ਕਿ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਈ ਸਿੱਖ ਆਬਾਦੀ ਘਟ ਕੇ ਕਰੀਬ 16 ਹਜ਼ਾਰ ਰਹਿ ਗਈ ਹੈ, ਜੋ ਉਨ੍ਹਾਂ ਮੁਤਾਬਕ ਕੁੱਲ ਆਬਾਦੀ ਦਾ ਲਗਭਗ 0.01 ਫ਼ੀਸਦੀ ਹੈ।

ਉਨ੍ਹਾਂ ਕਿਹਾ ਕਿ ਉੱਥੇ ਹਿੰਦੂ-ਸਿੱਖ ਭਾਈਚਾਰੇ ਨਾਲ ਦਮਨ, ਧੀਆਂ-ਭੈਣਾਂ ਦੇ ਕਥਿਤ ਜਬਰੀ ਅਗਵਾ, ਧਰਮ ਪਰਿਵਰਤਨ ਅਤੇ ਜ਼ਬਰਦਸਤੀ ਵਿਆਹ ਵਰਗੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਇਨ੍ਹਾਂ ਘਟਨਾਵਾਂ ਨੂੰ ਮਨੁੱਖੀ ਅਧਿਕਾਰਾਂ ਲਈ ਗੰਭੀਰ ਚੁਣੌਤੀ ਕਰਾਰ ਦਿੱਤਾ।

ਘਟਦੀ ਜਣਨ ਦਰ ਦਾ ਵੀ ਦਿੱਤਾ ਹਵਾਲਾ

ਉਨ੍ਹਾਂ ਕਿਹਾ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਹਰ ਹਿੰਦੂ ਪਰਿਵਾਰ ਨੂੰ ਤਿੰਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਹਰ ਸਿੱਖ ਪਰਿਵਾਰ ਨੂੰ ਪੰਜ ਬੱਚੇ ਪੈਦਾ ਕਰਨ ਦੀ ਕੀਤੀ ਗੁਹਾਰ ਵੀ ਘਟਦੀ ਜਣਨ ਦਰ ਦੀ ਚਿੰਤਾ ਦੇ ਪ੍ਰਸੰਗ ਵਿੱਚ ਸੀ।

ਪ੍ਰੋ. ਖਿਆਲਾ ਨੇ ਕਿਹਾ ਕਿ ਭਾਰਤ ਦੀ ਜਣਨ ਦਰ 2.1 ਤੋਂ ਹੇਠਾਂ ਜਾ ਰਹੀ ਹੈ, ਜਦਕਿ ਸਿੱਖ ਭਾਈਚਾਰੇ ਵਿੱਚ ਜਣਨ ਦਰ 1.6 ਤੋਂ 1.7 ਪ੍ਰਤੀ ਔਰਤ ਰਹਿ ਜਾਣਾ ਵੀ ਚਿੰਤਾਜਨਕ ਹੈ।

ਸਿੱਖ ਆਬਾਦੀ ਘਟਣ ਦੇ ਹੋਰ ਕਾਰਨ ਵੀ ਵਿਚਾਰੇ ਜਾਣ: ਖਿਆਲਾ

ਉਨ੍ਹਾਂ ਕਿਹਾ ਕਿ ਸਿੱਖ ਆਬਾਦੀ ਵਿੱਚ ਗਿਰਾਵਟ ਦੇ ਕਈ ਹੋਰ ਕਾਰਨ ਵੀ ਹਨ, ਜਿਨ੍ਹਾਂ ਵਿੱਚ ਸਿੱਖਿਆ ਦਾ ਵਧਦਾ ਪੱਧਰ, ਸ਼ਹਿਰੀਕਰਨ, ਜੀਵਨ-ਸ਼ੈਲੀ ਵਿੱਚ ਬਦਲਾਅ, ਪਰਿਵਾਰ ਨਿਯੋਜਨ ਪ੍ਰਤੀ ਜਾਗਰੂਕਤਾ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ ਅਤੇ ਆਰਥਿਕ ਚੁਣੌਤੀਆਂ ਸ਼ਾਮਲ ਹਨ।

ਵੱਧ ਬੱਚਿਆਂ ਨਾਲੋਂ ਚੰਗੀ ਪੀੜ੍ਹੀ ਦਾ ਨਿਰਮਾਣ ਵੱਡੀ ਤਰਜੀਹ

ਪ੍ਰੋ. ਖਿਆਲਾ ਨੇ ਕਿਹਾ ਕਿ ਸਿੱਖ ਆਬਾਦੀ ਬਾਰੇ ਚਿੰਤਾ ਜਾਇਜ਼ ਹੋ ਸਕਦੀ ਹੈ, ਪਰ ਅਸਲ ਤਰਜੀਹ ਕੇਵਲ ਵੱਧ ਬੱਚੇ ਪੈਦਾ ਕਰਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਗੁਰਮਤਿ ਅਨੁਸਾਰ ਚੰਗੇ ਸੰਸਕਾਰ, ਉੱਚਾ ਚਰਿੱਤਰ ਅਤੇ ਉੱਚ ਪੱਧਰੀ ਸਿੱਖਿਆ ਦੇਣ ’ਤੇ ਵੀ ਬਰਾਬਰ ਧਿਆਨ ਦੇਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਚੰਗੇ ਸੰਸਕਾਰਾਂ, ਸਿੱਖਿਆ ਅਤੇ ਚਰਿੱਤਰ ਵਾਲੀ ਪੀੜ੍ਹੀ ਦਾ ਨਿਰਮਾਣ ਹੀ ਪੰਥ ਅਤੇ ਸਮਾਜ ਦੀ ਸਥਾਈ ਤਾਕਤ ਦਾ ਅਸਲ ਆਧਾਰ ਬਣ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments