ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ ਦੀ ਬਰਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ ਵੱਖ ਨੇਤਾਵਾਂ ਨੇ ਸ਼ਰਧਾਂਜਲੀ ਦਿੱਤੀ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):-ਪੀਐਮ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਨੂੰ ਸ਼ਰਧਾਂਜਲੀ ਦਿੱਤੀ। ਵਾਜਪਾਈ ਦੀ 2018 ਵਿੱਚ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ। ਮੀਤ ਪ੍ਰਧਾਨ ਜਗਦੀਪ ਧਨਖੜ ਨੇ ਵੀ ਤੜਕੇ ਸਮਾਰਕ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ।
ਜ਼ਿਕਰਯੋਗ ਹੈ ਕਿ 16 ਅਗਸਤ 2018 ਨੂੰ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਫਲਤਾ ਦੇ ਸਿਖਰ ‘ਤੇ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਈ। ਨੱਬੇ ਦੇ ਦਹਾਕੇ ਵਿਚ ਉਹ ਪਾਰਟੀ ਦੇ ਮੁੱਖ ਚਿਹਰੇ ਵਜੋਂ ਉਭਰੇ ਅਤੇ ਪਹਿਲੀ ਵਾਰ ਭਾਜਪਾ ਦੀ ਅਗਵਾਈ ਵਿਚ ਕੇਂਦਰ ਵਿਚ ਸਰਕਾਰ ਬਣੀ। ਵਾਜਪਾਈ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ, ਦੇਸ਼ ਵਿੱਚ ਉਦਾਰੀਕਰਨ ਨੂੰ ਅੱਗੇ ਵਧਾਇਆ ਗਿਆ ਅਤੇ ਬੁਨਿਆਦੀ ਢਾਂਚੇ ਅਤੇ ਵਿਕਾਸ ਨੂੰ ਗਤੀ ਮਿਲੀ।ਅਟਲ ਬਿਹਾਰੀ ਵਾਜਪਾਈ ਜਨਸੰਘ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ, ਸਾਲ 1957 ਵਿੱਚ ਪਹਿਲੀ ਚੋਣ ਜਿੱਤੀ।

