ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ-2 ਦੇ ਅਕਾਲ ਚਲਾਣੇ ਉਤੇ ਸ. ਮਾਨ ਅਤੇ ਪਾਰਟੀ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬਰਤਾਨੀਆ ਮੁਲਕ ਨਾਲ ਸਿੱਖ ਕੌਮ ਦੇ ਪੁਰਾਤਨ ਸੰਬੰਧ ਰਹੇ ਹਨ । ਅੱਜ ਵੀ ਓਥੇ 10 ਲੱਖ ਦੇ ਕਰੀਬ ਸਿੱਖ ਵੱਸਦੇ ਹਨ ਜੋ ਆਪੋ ਆਪਣੇ ਕਾਰੋਬਾਰਾ ਵਿਚ ਸਥਾਪਿਤ ਹਨ । ਮਹਾਰਾਣੀ ਐਲਿਜ਼ਾਬੈਥ-2 ਦੇ ਬੀਤੇ ਦਿਨ ਹੋਏ ਅਕਾਲ ਚਲਾਣੇ ਓਹਨਾ ਵੱਲੋਂ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜਨ ਦੀ ਬਦੋਲਤ ਸਮੁੱਚੇ ਬਰਤਾਨੀਆਂ ਦੇ ਨਿਵਾਸੀਆਂ ਨੂੰ ਹੀ ਵੱਡਾ ਘਾਟਾ ਨਹੀਂ ਪਿਆ, ਬਲਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਮਹਾਰਾਣੀ ਐਲਿਜ਼ਾਬੈਥ-2 ਸਿੱਖ ਕੌਮ ਅਤੇ ਪੰਜਾਬੀਆਂ ਦੇ ਫ਼ਖਰ ਵਾਲੇ ਇਤਿਹਾਸ ਤੋਂ ਹੀ ਭਰਪੂਰ ਵਾਕਫੀਅਤ ਹੀ ਨਹੀਂ ਸਨ ਰੱਖਦੇ ਬਲਕਿ ਸਿੱਖ ਕੌਮ ਨਾਲ ਬਹੁਤ ਪਿਆਰ ਅਤੇ ਇੱਜ਼ਤ ਵੀ ਕਰਦੇ ਸਨ । ਏਹੀ ਵਜਾ ਹੈ ਕਿ ਓਹਨਾ ਨੇ 1984 ਵਿੱਚ ਜਦੋਂ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਕੌਮ ਦੇ ਧਾਰਮਿਕ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਉਤੇ ਬਲੂ ਸਟਾਰ ਦਾ ਫੋਜੀ ਹਮਲਾ ਕੀਤਾ ਸੀ ਤਾਂ ਮਹਾਰਾਣੀ ਐਲਿਜ਼ਾਬੈਥ ਨੇ ਬਰਤਾਨੀਆ ਦੀ ਹਕੂਮਤ ਅਤੇ ਮਰਹੂਮ ਇੰਦਰਾ ਗਾਂਧੀ ਨੂੰ ਅਜਿਹਾ ਕਰਨ ਤੋਂ ਵਰਜਿਆ ਸੀ ਅਤੇ ਇਸਦਾ ਵਿਰੋਧ ਵੀ ਕੀਤਾ । ਅਜਿਹੀ ਮਨੁੱਖਤਾ ਪੱਖੀ ਨੇਕ ਆਤਮਾ ਦੇ ਇਸ ਫ਼ਾਨੀ ਦੁਨੀਆਂ ਤੋਂ ਚਲੇ ਜਾਣ ਉਤੇ ਜਿਥੇ ਓਹਨਾ ਦੀ ਆਤਮਾ ਦੀ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਅਰਦਾਸ ਕਰਦੀ ਹੈ ਓਥੇ ਸਮੁੱਚੇ ਬਰਤਾਨੀਆ ਨਿਵਾਸੀਆਂ ਅਤੇ ਓਹਨਾ ਨੂੰ ਪਿਆਰ ਕਰਨ ਵਾਲਿਆ ਨੂੰ ਭਾਣੇ ਵਿੱਚ ਵਿਚਰਨ ਲਈ ਗੁਰੂ ਚਰਨਾਂ ਵਿਚ ਅਰਜੋਈ ਵੀ ਕਰਦੀ ਹੈ ।


