ਰਾਜਾ ਵੜਿੰਗ ਨੇ ਹੁਣ ਇਸ ਸਾਬਕਾ ਵਿਧਾਇਕ ਨੂੰ ਕੱਢਿਆ ਪਾਰਟੀ ਵਿੱਚੋਂ, ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਨਾਲ…

ਰਾਜਾ ਵੜਿੰਗ ਨੇ ਹੁਣ ਇਸ ਸਾਬਕਾ ਵਿਧਾਇਕ ਨੂੰ ਕੱਢਿਆ ਪਾਰਟੀ ਵਿੱਚੋਂ, ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਨਾਲ…

ਚੰਡੀਗੜ੍ਹ/ਬਰਨਾਲਾ (ਵੀਓਪੀ ਬਿਊਰੋ) ਕਾਂਗਰਸ ਪਾਰਟੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਵੀ ਅਜੇ ਜੁੜਨ ਦੀ ਬਜਾਏ ਟੁੱਟ ਹੀ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਕਈ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਵੀ ਉਹ ਕਈ ਸੀਨੀਅਰ ਆਗੂਆਂ ਨੂੰ ਧਮਕੀਆਂ ਦੇ ਚੁੱਕੇ ਹਨ, ਕਿ ਜੇਕਰ ਪਾਰਟੀ ਦੇ ਅਨੁਸ਼ਾਸਨ ਤੋਂ ਬਾਹਰ ਆ ਕੇ ਕੰਮ ਕਰਨਗੇ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹੁਣ ਅਜਿਹੀ ਹੀ ਕਾਰਵਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਹੈ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਖਿਲਾਫ, ਜਿਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ।

ਭਾਵੇਂ ਪਿਰਮਲ ਸਿੰਘ ਨੂੰ ਪਾਰਟੀ ਤੋਂ ਤਿੰਨ ਮਹੀਨੇ ਪਹਿਲਾਂ ਕੱਢ ਦਿੱਤਾ ਗਿਆ ਸੀ, ਪਰ ਉਹਨਾਂ ਨੂੰ ਪਾਰਟੀ ਚੋਂ ਕੱਢਣ ਦਾ ਲੈਟਰ ਅੱਜ ਸੋਸ਼ਲ ਮੀਡੀਆ ਉਪਰ ਵਾਇਰਲ ਹੋਇਆ ਹੈ। ਸਾਬਕਾ ਵਿਧਾਇਕ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਪੁਸ਼ਟੀ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਕੀਤੀ ਹੈ। ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਚੰਡੀਗੜ੍ਹ ਤੋਂ ਪਰਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਕਿਹਾ ਕਿ ਸੋਮਵਾਰ ਨੂੰ ਉਹ ਪ੍ਰੈਸ ਕਾਨਫਰੰਸ ਕਰਕੇ ਪਿਰਮਲ ਧੌਲਾ ਨੂੰ ਪਾਰਟੀ ਵਿੱਚੋਂ ਕੱਢਣ ਬਾਰੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਜਾਣੂ ਕਰਵਾਉਣਗੇ।

ਤੁਹਾਨੂੰ ਦੱਸ ਦੇਈਏ ਕਿ ਪਿਰਮਲ ਸਿੰਘ ਧੌਲਾ ਨੇ 2017 ਵਿੱਚ ਭਦੌੜ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਦੌੜ ਤੋਂ ਕਾਂਗਰਸ ਦੀ ਟਿਕਟ ਲਈ ਕਾਫੀ ਦੌੜ ਲੱਗੀ ਸੀ ਪਰ ਕਾਂਗਰਸ ਹਾਈਕਮਾਂਡ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਸੀ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਵੀ ਉਸ ਸਮੇਂ ਮੁੱਖ ਮੰਤਰੀ ਰਹਿੰਦੇ ਹੋਏ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

error: Content is protected !!