ਡੀਜੇ ਉਤੇ ਸਿਧੂ ਮੂਸੇਵਾਲਾ ਦਾ ਗਾਣਾ ਨਾ ਚਲਾਉਣ ਉਤੇ ਚੜ੍ਹ ਗਿਆ ਪਾਰਾ, ਫੈਂਟ ਦਿੱਤੇ ਬਰਾਤੀ

ਡੀਜੇ ਉਤੇ ਸਿਧੂ ਮੂਸੇਵਾਲਾ ਦਾ ਗਾਣਾ ਨਾ ਚਲਾਉਣ ਉਤੇ ਚੜ੍ਹ ਗਿਆ ਪਾਰਾ, ਫੈਂਟ ਦਿੱਤੇ ਬਰਾਤੀ


ਫਾਜ਼ਿਲਕਾ (ਵੀਪੀਓ ਬਿਊਰੋ) : ਸੰਗੀਤ ਸਮਾਰੋਹ ਵਿਚ ਸਿੱਧੂ ਮੂਸੇਵਾਲਾ ਦਾ ਗਾਣਾ ਤੀਜੀ ਵਾਰ ਨਾ ਚਲਾਇਆ ਤਾਂ ਪਾਰਾ ਚੜ੍ਹ ਗਿਆ। ਵਿਵਾਦ ਇੰਨਾਂ ਵਧ ਗਿਆ ਕਿ 25 ਵਿਅਕਤੀਆਂ ਨੇ ਬਰਾਤੀਆਂ ਦੀ ਕੁੱਟਮਾਰ ਕਰ ਦਿੱਤੀ। ਵਾਰਦਾਤ ਵਿਚ ਲਾੜੇ ਦੇ ਭਰਾ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਕਈਆਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ।


ਸੋਸ਼ਲ ਮੀਡੀਆਂ ‘ਤੇ ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਨਕਾਬਪੋਸ਼ ਵਿਅਕਤੀਆਂ ਵੱਲੋਂ ਡੰਡਿਆਂ ਨਾਲ ਬਰਾਤੀਆਂ ‘ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਵੱਲੋਂ ਬਰਾਤੀਆਂ ਦੀ ਕਾਰ ਘੇਰੇ ਪਾ ਕੇ ਉਸ ‘ਚ ਸਵਾਰ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਜਾਨਲੇਵਾ ਹਮਲੇ ‘ਚ ਮੁੰਡੇ ਦੇ ਭਰਾ ਸਣੇ 3 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਸ ਦੌਰਾਨ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ ਹੈ।


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖ਼ਮੀ ਸ਼ੰਕਰ ਰਾਜ ਨੇ ਦੱਸਿਆ ਕਿ ਉਹ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂਹੜੀਵਾਲਾ ਧੰਨਾ ਵਿਖੇ ਇੱਕ ਵਿਆਹ ਵਿਚ ਗਏ ਸਨ ਤਾਂ ਰਾਤ ਡੀਜੇ ‘ਤੇ ਨੱਚਦਿਆਂ ਸਿੱਧੂ ਮੂਸੇਵਾਲਾ ਦਾ ਗਾਣਾ ਵਾਰ ਵਾਰ ਚਲਾਉਣ ਨੂੰ ਲੈ ਕੇ ਉਨ੍ਹਾਂ ਦੀ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ। ਪਰਿਵਾਰ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਅਗਲੇ ਦਿਨ ਜਦੋਂ ਉਹ ਪਿੰਡ ਚੂਹੜੀਵਾਲਾ ਧੰਨਾਂ ਤੋਂ ਪਿੰਡ ਸਿਵਾਨਾ ਵਿਖੇ ਬਰਾਤ ਲੈ ਕੇ ਜਾ ਰਹੇ ਸੀ ਤਾਂ ਅਚਾਨਕ 30 ਦੇ ਕਰੀਬ ਨਕਾਬਪੋਸ਼ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਗੱਡੀ ਅੰਦਰ ਬੈਠੇ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਸ਼ਿਕਾਇਤ ਮਿਲਣ ਉਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਅਜੇ, ਸਾਹਿਲ, ਕੁਲਦੀਪ ਵਾਸੀ ਪਿੰਡ ਖੈਰਪੁਰ ਅਬੋਹਰ, ਟੀਨੂੰ ਵਾਸੀ ਬਾਰੇਕਾ, ਸੰਦੀਪ ਕੁਮਾਰ ਵਾਸੀ ਸਿਵਾਨਾ ਤੇ 20-22 ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।

error: Content is protected !!