ਵਿਧਾਇਕ ਜਰਨੈਲ ਸਿੰਘ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਹੱਕਾਂ ਦੀ ਰਾਖੀ ਵਿਚ ਅਸਫਲ, ਦੇਣ ਅਸਤੀਫਾ : ਜਸਮੇਨ ਸਿੰਘ ਨੋਨੀ

ਵਿਧਾਇਕ ਜਰਨੈਲ ਸਿੰਘ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਹੱਕਾਂ ਦੀ ਰਾਖੀ ਵਿਚ ਅਸਫਲ, ਦੇਣ ਅਸਤੀਫਾ : ਜਸਮੇਨ ਸਿੰਘ ਨੋਨੀ

ਨਵੀਂ ਦਿੱਲੀ, 3 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਆਖਿਆ ਹੈ ਕਿ ਉਹ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਅਸਫਲ ਰਹਿਣ ਕਾਰਨ ਅਸਤੀਫਾ ਦੇਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਜਸਮੇਨ ਸਿੰਘ ਨੋਨੀ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਤਿਲਕ ਨਗਰ ਇਲਾਕੇ ਦੀ ਸੰਗਤ ਨੇ 3 ਵਾਰ ਉਹਨਾਂ ਨੂੰ ਵਿਧਾਇਕ ਚੁਣਿਆ ਪਰ ਉਹ ਪਿਛਲੇ 8 ਸਾਲਾਂ ਤੋਂ 1984 ਦੇ ਸਿੱਖ ਕਤਲੇਆਮ ਪੀੜਤਾਂ ਦੇ ਹੱਕਾ ਦੀ ਰਾਖੀ ਕਰਨ ਵਿਚ ਨਾਕਾਮ ਰਹੇ। ਉਹਨਾਂ ਕਿਹਾ ਕਿ ਵਿਧਵਾ ਕਲੌਨੀ ਦੀਆਂ ਰਹਿਣ ਵਾਲੀਆਂ ਵਿਧਵਾਵਾਂ ਨੂੰ ਮਾਲਕਾਨਾ ਹੱਕ ਤਾਂ ਕੀ ਮਿਲਣੇ ਸੀ, ਉਲਟਾ ਉਹਨਾਂ ਨੂੰ 5-5 ਲੱਖ ਰੁਪਏ ਦੇ ਬਿਜਲੀ ਬਿੱਲ ਭੇਜ ਦਿੱਤੇਗਏ ਜਦੋਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਿਜਲੀ ਮੁਫਤ ਦੇ ਦਾਅਵੇ ਕਰਦੇ ਨਹੀਂ ਥੱਕਦੇ।

ਉਹਨਾਂ ਕਿਹਾ ਕਿ ਅਜਿਹਾ ਸਪਸ਼ਟ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਅੰਦਰੂਨੀ ਗੰਢਤੁੱਪ ਹੈ ਜਿਸ ਕਾਰਨ ਆਪ ਸਰਕਾਰ ਕਾਂਗਰਸ ਤੋਂ ਵੀ ਦੋ ਕਦਮ ਅੱਗੇ ਹੋ ਕੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਹਨਾਂ ਪੀੜਤਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਗੁਰਦੁਆਰਾ ਕਮੇਟੀ ਤੇ ਸਿੱਖ ਸੰਗਤ ਇਹ ਬਰਦਾਸ਼ਤ ਨਹੀਂ ਕਰੇਗੀ ਤੇ ਇਸਦਾ ਮੌਕੇ ’ਤੇ ਪਹੁੰਚ ਕੇ ਡਟਵਾਂ ਵਿਰੋਧ ਕੀਤਾ ਜਾਵੇਗਾ।

ਦਿੱਲੀ ਗੁਰਦੁਆਰਾ ਕਮੇਟੀ ਦੇ ਜੁਆਇੰਟ ਸਕੱਤਰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਵੀ ਜਦੋਂ ਪੀੜਤਾਂ ਨਮਿਤ ਸਮਾਗਮ ਹੋਇਆ ਤਾਂ ਉਸ ਸਮਾਗਮ ਵਿਚ ਪੀੜਤਾਂ ਲਈ ਹੱਕਾਂ ਦਾ ਐਲਾਨ ਕਰਵਾਉਣ ਦੀ ਥਾਂ ਵਿਧਾਇਕ ਜਰਨੈਲ ਸਿੰਘ ਉਹਨਾਂ ਨੂੰਲਾਅਰੇ ਲਗਾਉਣ ਦਾ ਯਤਨ ਕਰਦੇ ਰਹੇ ਜਿਸ ਕਾਰਨ ਸੰਗਤਾਂ ਵਿਚ ਰੋਹ ਆ ਗਿਆ ਤੇ ਉਹਨਾਂ ਤੇ ਮੰਤਰੀ ਦਾ ਘਿਰਾਓ ਵੀ ਕੀਤਾ ਗਿਆ।

ਉਹਨਾਂ ਕਿਹਾ ਕਿ ਜੇਕਰ ਆਪ ਸਰਕਾਰ ਨੇ ਜਲਦੀ ਪੀੜਤਾਂ ਨੂੰ ਮਕਾਨਾਂ ਦੇ ਮਾਲਕਾਨਾਂ ਹੱਕ ਨਾ ਦਿੱਤੇ ਤਾਂ ਦਿੱਲੀ ਗੁਰਦੁਆਰਾ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢੇਗੀ ਤੇ ਪੀੜਤ ਪਰਿਵਾਰਾਂ ਵਾਸਤੇ ਨਿਆਂ ਹਾਸਲ ਕਰ ਕੇ ਰਹੇਗੀ।

error: Content is protected !!