ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਸ਼ਿਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਨਵੀਂ ਦਿੱਲੀ, 2 ਅਪ੍ਰੈਲ (ਵੀਓਪੀ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 25 ਅਪ੍ਰੈਲ ਨੂੰ ਹੋਣ ਜਾ ਰਹੀਆਂ ਚੋਣਾਂ ਵਾਸਤੇ ਸ਼ਿਰੋਮਣੀ ਅਕਾਲੀ ਦਲ ਨੇ 26 ਸੀਟਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ।



ਅਕਾਲੀ ਦਲ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਐਮ ਪੀ ਬਲਵਿੰਦਰ ਸਿੰਘ ਭੂੰਦੜ ਨੇ ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਅਤੇ ਦਿੱਲੀ ਇਕਾਈ ਦੇ ਸਰਪ੍ਰਸਤ ਜੱਥੇਦਾਰ ਅਵਤਾਰ ਸਿੰਘ ਹਿੱਤ, ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ. ਕੁਲਦੀਪ ਸਿੰਘ ਭੋਗਲ ਦੀ ਹਾਜ਼ਰੀ ਵਿਚ ਇਹ ਸੂਚੀ ਜਾਰੀ ਕੀਤੀ।
ਸ੍ਰੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਆਪਸੀ ਰਾਇ ਮਸ਼ਵਰਾ ਕਰ ਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਤੇ ਇਹ 26 ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਹਨ ਤੇ ਬਾਕੀ ਰਹਿੰਦੀਆਂ ਸੀਟਾਂ ਲਈ ਵੀ ਜਲਦੀ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਹਿੰਦੀਆਂ ਸੀਟਾਂ ’ਤੇ ਅਸਲ ਵਿਚ ਪਾਰਟੀ ਦੀ ਟਿਕਟ ਲਈ ਦਾਅਵੇਦਾਰ ਜ਼ਿਆਦਾ ਹਨ ਤੇ ਪਾਰਟੀ ਜਾਇਜ਼ਾ ਲੈ ਕੇ ਉਮੀਦਵਾਰ ਤੈਅ ਕਰੇਗੀ ।
ਇਸ ਮੌਕੇ ਸ੍ਰੀ ਸਿਰਸਾ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਇਹ ਧਾਰਮਿਕ ਚੋਣਾਂ ਹਨ, ਇਸ ਲਈ ਗੁਰੂ ਘਰ ਦੀ ਸੇਵਾ ਦੀ ਜਾਣਕਾਰੀ ਲੋਕਾਂ ਨੂੰ ਦਿਓ। ਜੇਹੜਾ ਕੋਈ ਚਿੱਕੜ ਉਛਾਲਦਾ ਹੈ, ਉਸ ਵੱਲ ਧਿਆਨ ਨਾ ਦਿਓ। ਆਪਣੇ ਕੰਮਾਂ ਦੀ ਜਾਣਕਾਰੀ ਦਿਓ, ਕਿਵੇਂ ਅਸੀਂ ਕੰਮ ਕੀਤੇ ਸਰਕਾਰਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਮਿਹਨਤ ਨਾਲ ਸਫਲਤਾ ਪ੍ਰਾਪਤ ਕੀਤੀ, ਇਸਦੀ ਜਾਣਕਾਰੀ ਸੰਗਤ ਨੂੰ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਸਾਡੇ ਏਜੰਡੇ ਵਿਚ ਸਭ ਤੋਂ ਪਹਿਲਾਂ ਕਿਸ ਤਰੀਕੇ ਦਿੱਲੀ ਗੁਰਦੁਆਰਾ ਕਮੇਟੀ ਵਿਚੋਂ ਜੋ ਲੋਕ ਸਟੇਜਾਂ ਦੀ ਦੁਰਵਰਤੋਂ ਕਰਦੇ ਸੀ, ਉਸਦੇ ਨਾਲ ਕਮੇਟੀ ਦੇ ਅਕਸ ਨੂੰ ਸੱਟ ਵੱਜਦੀ ਸੀ, ਉਹਨਾਂ ਨੁੰ ਹਟਾ ਦਿੱਤਾ ਗਿਆ ਤੇ ਹੁਣ ਕਮੇਟੀ ਦੀ ਸਟੇਜ ਤੋਂ ਗਲਤ ਗਤੀਵਿਧੀ ਨਹੀਂ ਹੋਣ ਦਿੱਤੀ ਗਈ। ਉਹਨਾਂ ਕਿਹਾ ਕਿ ਦੂਜੀ ਗੱਲ ਗੁਰੂ ਘਰਾਂ ਦੇ ਪ੍ਰਬੰਧ ਵਿਚ ਮੈਨੇਜਮੇਂਟ ਨੇ ਆਪਣੀ ਵਧੀਆ ਸਮਰਥਾ ਨਾਲ ਕੰਮ ਕੀਤਾ ਤੇ ਕੋਰੋਨਾ ਕਾਲ ਵਿਚ ਵੀ ਕੀਤੇ ਕੰਮਾਂ ਦੀ ਸਾਰੀ ਦੁਨੀਆਂ ਵਿਚ ਜੈ ਜੈ ਕਾਰ ਹੋਈ। ਉਹਨਾਂ ਕਿਹਾ ਕਿ ਕਮੇਟੀ ਨੇ ਕਿਸਾਨਾਂ ਦੇ ਮਾਮਲੇ ਵਿਚ ਦਿੱਲੀ ਦੀ ਸੰਗਤ ਦੀ ਸੋਚ ਅਨੁਸਾਰ ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਤੇ ਉਹਨਾਂ ਲਈ ਲੰਗਰ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ।
ਉਹਨਾਂ ਕਿਹਾ ਕਿ ਸਾਡਾ ਬਾਲਟੀ ਦਾ ਚੋਣ ਨਿਸ਼ਾਨ ਸਰਕਾਰਾਂ ਨੇ ਖੋਹ ਲਿਆ ਪਰ ਸੰਗਤਾਂ ਦੀਆਂ ਅਰਦਾਸਾਂ ਸਦਕਾੇ ਸਰਕਾਰਾਂ ਦੇ ਮਨਸੂਬੇ ਫੇਲ ਹੋਏ ਤੇ ਬਾਲਟੀ ਨਿਸ਼ਾਨ ਪਾਰਟੀ ਨੂੰ ਅਲਾਟ ਹੋਇਆ ਤੇ ਜਿਹੜੇ ਲੋਕ ਮੀਰੀ ਪੀਰੀ ਦੇ ਸਿਧਾਂਤ ਦਾ ਵਿਰੋਧ ਕਰਦੇ ਸੀ, ਉਹਨਾਂ ਦਾ ਹਾਲ ਦੁਨੀਆਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸਾਰੇ ਉਮੀਦਵਾਰ ਸਿਰਫ ਤੇ ਸਿਰਫ ਪਾਜ਼ੀਟਿਵ ਏਜੰਡੇ ’ਤੇ ਕੰਮ ਕਰਨਗੇ ਤੇ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਕੌਮ ਦੇ ਅਕਸ ਨੂੰ ਸੱਟ ਵੱਜੇ।
ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਿਸ ਤਹਿਤ ਵਾਰਡ ਨੰਬਰ 1 ਰੋਹਿਣੀ ਤੋਂ ਸਰਵਜੀਤ ਸਿੰਘ ਵਿਰਕ, ਵਾਰਡ ਨੰਬਰ 2 ਸਰੂਪ ਨਗਰ ਤੋਂ ਰਵਿੰਦਰ ਸਿੰਘ ਖੁਰਾਣਾ, ਵਾਰਡ ਨੰਬਰ 3 ਸਿਵਲ ਲਾਈਨ ਤੋਂ ਜਸਬੀਰ ਸਿੰਘ ਜੱਸੀ, ਵਾਰਡ ਨੰਬਰ 4 ਪ੍ਰੀਤਮਪੁਰਾ ਤੋਂ ਮਹਿੰਦਰਪਾਲ ਸਿੰਘ ਚੱਢਾ, ਵਾਰਡ ਨੰਬਰ 7 ਤ੍ਰੀ ਨਗਰ ਤੋਂ ਜਸਪ੍ਰੀਤ ਸਿੰਘ ਕਰਮਸਰ, ਵਾਰਡ ਨੰਬਰ 8 ਸ਼ਕੂਰ ਬਸਤੀ ਤੋਂ ਰਮੀਤ ਸਿੰਘ ਚੱਢਾ, ਵਾਰਡ ਨੰਬਰ 12 ਦੇਵ ਨਗਰ ਤੋਂ ਜੁਝਾਰ ਸਿੰਘ, ਵਾਰਡ ਨੰਬਰ 13 ਰਾਜਿੰਦਰ ਨਗਰ ਤੋਂ ਪਰਮਜੀਤ ਸਿੰਘ ਚੰਢੋਕ, ਵਾਰਡ ਨੰਬਰ 14 ਕਨੋਟ ਪਲੇਸ ਤੋਂ ਅਮਰਜੀਤ ਸਿੰਘ ਪਿੰਕੀ, ਵਾਰਡ ਨੰਬਰ 15 ਰਮੇਸ਼ ਨਗਰ ਤੋਂ ਗੁਰਦੇਵ ਸਿੰਘ, ਵਾਰਡ ਨੰਬਰ 16 ਟੈਗੋਰ ਗਾਰਡਨ ਤੋਂ ਭੁਪਿੰਦਰ ਸਿੰਘ ਗਿੰਨੀ, ਵਾਰਡ ਨੰਬਰ 19 ਹਰੀ ਨਗਰ ਤੋਂ ਜਸਪ੍ਰੀਤ ਸਿੰਘ ਮਾਨ, ਵਾਰਡ ਨੰਬਰ 20 ਫਤਿਹ ਨਗਰ ਤੋਂ ਅਮਰਜੀਤ ਸਿੰਘ ਪੱਪੂ, ਵਾਰਡ ਨੰਬਰ 21 ਖਿਆਲਾ ਤੋਂ ਰਾਜਿੰਦਰ ਸਿੰਘ, ਵਾਰਡ ਨੰਬਰ 25 ਤਿਲਕ ਨਗਰ ਤੋਂ ਦਲਜੀਤ ਸਿੰਘ ਸਰਨਾ, ਵਾਰਡ ਨੰਬਰ 30 ਵਿਕਾਸ ਪੁਰੀ ਤੋਂ ਇੰਦਰਜੀਤ ਸਿੰਘ ਮੋਂਟੀ, ਵਾਰਡ ਨੰਬਰ 31 ਉੱਤਮ ਨਗਰ ਤੋਂ ਰਮਨਜੋਤ ਸਿੰਘ ਮੀਤਾ, ਵਾਰਡ ਨੰਬਰ 33 ਸ਼ਿਵ ਨਗਰ ਤੋਂ ਰਮਨਦੀਪ ਸਿੰਘ ਥਾਪਰ, ਵਾਰਡ ਨੰਬਰ 34 ਸਰਿਤਾ ਵਿਹਾਰ ਤੋਂ ਗੁਰਪ੍ਰੀਤ ਸਿੰਘ ਜੱਸਾ, ਵਾਰਡ ਨੰਬਰ 36 ਸਫਦਰਜੰਗ ਐਨਕਲੇਵ ਤੋਂ ਕੁਲਦੀਪ ਸਿੰਘ ਸਾਹਨੀ, ਵਾਰਡ ਨੰਬਰ 37 ਮਾਲਵੀਆ ਨਗਰ ਤੋਂ ਓਂਕਾਰ ਸਿੰਘ ਰਾਜਾ, ਵਾਰਡ ਨੰਬਰ 40 ਜੰਗਪੁਰਾ ਤੋਂ ਜਸਮੀਰ ਸਿੰਘ, ਵਾਰਡ ਨੰਬਰ 42 ਦਿਲਸ਼ਾਦ ਗਾਰਡਨ ਤੋਂ ਬਲਬੀਰ ਸਿੰਘ, ਵਾਰਡ ਨੰਬਰ 43 ਵਿਵੇਕ ਵਿਹਾਰ ਤੋਂ ਜਸਮੇਨ ਸਿੰਘ ਨੋਨੀ, ਵਾਰਡ ਨੰਬਰ 45 ਖੁਰੇਜਾ ਖਾਸ ਤੋਂ ਜਤਿੰਦਰਪਾਲ ਸਿੰਘ ਗੋਲਡੀ ਅਤੇ ਵਾਰਡ ਨੰਬਰ 46 ਪ੍ਰੀਤ ਵਿਹਾਰ ਤੋਂ ਭੁਪਿੰਦਰ ਸਿੰਘ ਭੁੱਲਰ ਨੁੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ। ਇਸ ਮੌਕੇ ਸ. ਭਜਨ ਸਿੰਘ ਵਾਲੀਆ, ਬਿਬੇਕ ਸਿੰਘ ਮਾਟਾ, ਸੁਦੀਪ ਸਿੰਘ ਰਾਣੀ ਬਾਗ ਵੀ ਮੌਜੂਦ ਸਨ।