ਖ਼ਾਲਸਾ ਕਾਲਜ ਵਿਖੇ ਕੋਰੋਨਾ ਮਹਾਮਾਂਰੀ ਤੋਂ ਬਚਾਅ ਲਈ 100 ਦੇ ਕਰੀਬ ਸਟਾਫ਼ ਨੇ ਲਗਾਇਆ ਟੀਕਾ

 

ਖ਼ਾਲਸਾ ਕਾਲਜ ਵਿਖੇ ਕੋਰੋਨਾ ਮਹਾਮਾਂਰੀ ਤੋਂ ਬਚਾਅ ਲਈ 100 ਦੇ ਕਰੀਬ ਸਟਾਫ਼ ਨੇ ਲਗਾਇਆ ਟੀਕਾ

ਅੰਮ੍ਰਿਤਸਰ, 9 ਅਪ੍ਰੈਲ (ਰਿਧੀ ਭੰਡਾਰੀ )¸ਕੋਵਿਡ‐19 ਦੇ ਮੱਦੇਨਜ਼ਰ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਕੈਂਪਸ ਵਿਖੇ ਸਿਹਤ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਅੱਜ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਜਿਸ ’ਚ ਲਗਭਗ 100 ਦੇ ਕਰੀਬ ਸਟਾਫ਼ ਮੈਂਬਰਾਂ ਨੇ ਕੋਰੋਨਾ ਵੈਕਸੀਨ ਲਗਵਾਈ। ਜ਼ਿਲਾ ਸਿਵਲ ਸਰਜਨ ਦੇ ਦਿਸ਼ਾ‐ਨਿਰਦੇਸ਼ਾਂ ਤਹਿਤ ਸਿਹਤ ਮਹਿਕਮੇ ਦੇ ਡਾ. ਨੀਲਮ ਦੀ ਅਗਵਾਈ ’ਚ ਵੈਕਸੀਨੇਸ਼ਨ ਟੀਮ ਨੇ ਕਾਲਜ ਦੀ ਡਿਸਪੈਂਸਰੀ ਪਹੁੰਚ ਕੇ ਸਟਾਫ਼ ਦਾ ਟੀਕਾਕਰਨ ਕੀਤਾ।

ਇਸ ਦੌਰਾਨ ਜ਼ਿਲਾ ਸਿਵਲ ਸਰਜਨ ਤੇ ਸਿਹਤ ਮਹਿਕਮੇ ਦਾ ਧੰਨਵਾਦ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਖ਼ਾਲਸਾ ਮੈਨੇਜ਼ਮੈਂਟ ਅਧੀਨ ਆਉਂਦੇ ਸਮੂਹ ਵਿੱਦਿਅਕ ਅਦਾਰਿਆਂ ਦੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕੋਰੋਨਾ ਸਬੰਧੀ ਟੀਕਾ ਲਗਵਾਉਣ ਦਾ ਹੁਕਮ ਜਾਰੀ ਕੀਤੇ ਗਏ ਹਨ ਜਿਸ ਸਦਕਾ ਸਰਕਾਰ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦਾ ਕਾਲਜ ਦੇ ਸਟਾਫ਼ ਮੈਂਬਰਾਂ ਨੇ ਅੱਜ ਲਾਹਾ ਖੱਟਿਆ ਹੈ।

ਉਨ੍ਹਾਂ ਕਿਹਾ ਕਿ ਟੀਕਾਕਰਨ ਸਮੇਂ ਸਟਾਫ਼ ਮੈਂਬਰ ਬਹੁਤ ਆਸਾਨੀ ਨਾਲ ਆਪਣੇ ਕਾਲਜ ਦੇ ਕਾਰਜਾਂ ’ਚੋਂ ਸਮਾਂ ਕੱਢ ਕੇ ਵੈਕਸੀਨ ਲਗਵਾ ਸਕੇ ਅਤੇ ਕਾਲਜ ਦੇ ਮੈਡੀਕਲ ਅਫ਼ਸਰ ਡਾ. ਚਰਨਜੀਤ ਸਿੰਘ ਨੇ ਵੈਕਸੀਨੇਸ਼ਨ ਲਈ ਸਾਰੇ ਲੋੜੀਂਦੇ ਪ੍ਰਬੰਧ ਸੁਚਾਰੂ ਰੂਪ ਨਾਲ ਕਰਵਾਏ। ਉਨ੍ਹਾਂ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਥੇ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਜਾਰੀ ਕੀਤੇ ਗਏ ਦਿਸ਼ਾ‐ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ, ਉਥੇ ਹੀ ਸਭ ਨੂੰ ਸਰਕਾਰ ਵੱਲੋਂ ਵੈਕਸੀਨ ਲਗਵਾਉਣ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਂਦਿਆਂ ਅੱਗੇ ਆ ਕੇ ਆਪ ਵੈਕਸੀਨ ਲਗਵਾਉਣੀ ਚਾਹੀਦੀ ਹੈ।

ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਵੈਕਸੀਨ ਜਿਆਦਾ ਤੇਜ਼ੀ ਨਾਲ ਵੱਡੇ ਦਾਇਰੇ ਤੱਕ ਪਹੁੰਚ ਸਕੇਗੀ ਅਤੇ ਕਾਲਜ ਭਵਿੱਖ ’ਚ ਵੀ ਲੋੜ ਮੁਤਾਬਕ ਮਹਿਕਮੇ ਦੇ ਸਹਿਯੋਗ ਨਾਲ ਸਰਕਾਰ ਦੀ ਇਸ ਸਹੂਲਤ ਦਾ ਲਾਹਾ ਲੈਂਦਾ ਰਹੇਗਾ। ਉਨ੍ਹਾਂ ਕਿਹਾ ਕਿ ਅੱਜ 100 ਦੇ ਕਰੀਬ ਸਟਾਫ਼ ਮੈਂਬਰਾਂ ਨੇ ਵੈਕਸੀਨ ਲਗਵਾਈ ਹੈ।

ਇਸ ਮੌਕੇ ਸਿਹਤ ਮਹਿਕਮੇ ਦੀ ਅਗਵਾਈ ਕਰ ਰਹੇ ਡਾ. ਨੀਲਮ ਨੇ ਕਿਹਾ ਕਿ ਅੱਜ ਦੇ ਵਿਸ਼ੇਸ਼ ਵੈਕਸੀਨ ਕੈਂਪ ਦੌਰਾਨ ਕਾਲਜ ਦੇ ਪ੍ਰਬੰਧਕਾਂ ਤੇ ਸਮੁੱਚੇ ਸਟਾਫ਼ ਦਾ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਲੋੜ ਮੁਤਾਬਕ ਸਿਹਤ ਮਹਿਕਮੇ ਨੂੰ ਲੋੜੀਂਦਾ ਸਹਿਯੋਗ ਦਿੱਤਾ ਜਾਂਦਾ ਰਹੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਲਜ ਦਾ ਅਧਿਆਪਕ ਤੇ ਗੈਰ‐ਅਧਿਆਪਕ ਸਟਾਫ਼ ਸਵੈ‐ਇੱਛਾ ਨਾਲ ਵੱਡੀ ਗਿਣਤੀ ’ਚ ਵੈਕਸੀਨ ਲਗਵਾ ਚੁੱਕਾ ਹੈ। ਅੱਜ ਕਾਲਜ ਵਿਸ਼ੇਸ਼ ਟੀਕਾਕਰਨ ਕੈਂਪ ਦੌਰਾਨ ਖ਼ਬਰ ਲਿਖੇ ਜਾਣ ਤੱਕ ਕਰੀਬ 99 ਸਟਾਫ਼ ਮੈਂਬਰ ਵਕਸੀਨ ਲਗਵਾ ਚੁੱਕੇ ਸਨ ਅਤੇ ਹੋਰ ਵੀ ਬਹੁਤ ਸਾਰੇ ਮੈਂਬਰ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਸਨ। ਇਸ ਮੌਕੇ ਰਜਿਸਟਾਰ ਪ੍ਰੋ: ਦਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਦੇ ਮੁੱਖੀ ਪ੍ਰੋ: ਸੁਖਮੀਨ ਬੇਦੀ ਸਮੇਤ ਸਮੂਹ ਸਟਾਫ਼ ਮੈਂਬਰਾਂ ਨੇ ਸਹਿਯੋਗ ਕੀਤਾ ਅਤੇ ਵੈਕਸੀਨ ਲਗਵਾਉਣ ਲਈ ਪਹੁੰਚੇ।

 

error: Content is protected !!