ਪੰਜਾਬ ਕੋਲ ਮੁੱਕੀ ਕੋਰੋਨਾ ਡੋਜ਼, ਹੁਣ ਨਹੀਂ ਲੱਗੇਗੀ 18 ਸਾਲ ਦੀ ਉਮਰ ਵਾਲਿਆ ਦੇ ਕੋਰੋਨਾ ਵੈਕਸੀਨ

ਪੰਜਾਬ ਕੋਲ ਮੁੱਕੀ ਕੋਰੋਨਾ ਡੋਜ਼, ਹੁਣ ਨਹੀਂ ਲੱਗੇਗੀ 18 ਸਾਲ ਦੀ ਉਮਰ ਵਾਲਿਆ ਦੇ ਕੋਰੋਨਾ ਵੈਕਸੀਨ

ਚੰਡੀਗੜ੍ਹ (ਵੀਓਪੀ ਬਿਉਰੋ) – ਕੋਰੋਨਾ ਮਹਾਮਾਰੀ ਹੁਣ ਭਾਰਤ ਵਿਚ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਇਸ ਦੇ ਦਰਮਿਆਨ ਦੇਸ਼ ਦੇ ਨਾਲ-ਨਾਲ ਪੰਜਾਬ ਦੀਆਂ ਸਿਹਤ ਸਹੂਲਤਾਂ ਦਾ ਮਾੜਾ ਢਾਂਚਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕਰੋਨਾ ਵੈਕਸੀਨ ਲਾਉਣ ਦੀ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ ਪਰ ਸੂਬਿਆਂ ਕੋਲ ਲੋੜੀਂਦੀ ਵੈਕਸੀਨ ਦਾ ਸਟੌਕ ਹੀ ਨਹੀਂ। ਕਈ ਸੂਬਿਆਂ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵੈਕਸੀਨ ਨਾ ਪਹੁੰਚਣ ਕਰਕੇ ਉਹ ਟੀਕਾ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਅਸਮਰੱਥ ਹਨ।

ਪੰਜਾਬ ਸਰਕਾਰ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕੋਲ ਅਜੇ ਤੱਕ ਲੋੜੀਂਦੀ ਮਾਤਰਾ ਵਿੱਚ ਕਰੋਨਾ ਵੈਕਸੀਨ ਦੀ ਡੋਜ਼ ਨਹੀਂ ਪਹੁੰਚੀ ਰਹੀਂ। ਪੰਜਾਬ ਤੋਂ ਇਲਾਵਾ ਦਿੱਲੀ ਤੇ ਹੋਰ ਰਾਜ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਚੁੱਕੇ ਹਨ ਕਿ ਕਰੋਨਾ ਵੈਕਸੀਨ ਦੀ ਘਾਟ ਕਰਕੇ ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕਰੋਨਾ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਹੋਣਾ ਔਖਾ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੂਬੇ ਵਿੱਚ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨ ਦੀ ਡੋਜ਼ ਲਾਉਣ ਵਿਚ ਦੇਰ ਹੋ ਸਕਦੀ ਹੈ ਕਿਉਂਕਿ ਸੂਬੇ ਕੋਲ ਲੋੜੀਂਦੀ ਮਾਤਰਾ ਵਿਚ ਕਰੋਨਾ ਵਿਰੋਧੀ ਵੈਕਸੀਨ ਦੀ ਡੋਜ਼ ਨਹੀਂ ਹਨ। 18 ਤੋਂ 44 ਸਾਲ ਤੱਕ ਦੇ ਸਾਰੇ ਲੋਕਾਂ ਲਈ ਟੀਕਾਕਰਨ ਮੁਹਿੰਮ ਪਹਿਲੀ ਮਈ ਤੋਂ ਸ਼ੁਰੂ ਹੋਣੀ ਹੈ।

ਸਿੱਧੂ ਨੇ ਕਿਹਾ, ‘‘ਸਾਨੂੰ ਲੋੜੀਂਦੀ ਮਾਤਰਾ ਵਿੱਚ ਵੈਕਸੀਨ ਦੀ ਡੋਜ਼ ਨਹੀਂ ਮਿਲ ਰਹੀ। ਇਸ ਵਾਸਤੇ ਅਸੀਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਸਾਡੇ ਕੋਲ ਟੀਕਾਕਰਨ ਲਈ ਸਟਾਫ਼ ਤੇ ਲੋੜੀਂਦਾ ਢਾਂਚਾ ਹੈ। ਰਾਜ ਸਰਕਾਰ ਨੇ 18 ਤੋਂ 44 ਸਾਲ ਤੱਕ ਦੇ ਸਾਰੇ ਲੋਕਾਂ ਦਾ ਟੀਕਾਕਰਨ ਕਰਨ ਲਈ ਭਾਰਤੀ ਸੀਰਮ ਸੰਸਥਾ ਨੂੰ ਕੋਵੀਸ਼ੀਲਡ ਦੀਆਂ 30 ਲੱਖ ਡੋਜ਼ ਦਾ ਆਰਡਰ ਦਿੱਤਾ ਹੈ।

ਸਿਹਤ ਮੰਤਰੀ ਨੇ ਕਿਹਾ, ‘‘ਬੁੱਧਵਾਰ ਨੂੰ ਸਾਨੂੰ ਵੈਕਸੀਨ ਦੇ ਦੋ ਲੱਖ ਡੋਜ਼ ਮਿਲੇ ਤੇ ਉਸ ਤੋਂ ਪਹਿਲਾਂ ਸਾਨੂੰ 1.50 ਲੱਖ ਡੋਜ਼ ਮਿਲੇ ਸਨ ਪਰ ਸਾਨੂੰ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਕਿ ਅਗਲੇ ਦੋ ਦਿਨਾਂ ਵਿੱਚ ਸਾਨੂੰ ਕਿੰਨੇ ਡੋਜ਼ ਮਿਲਣਗੇ। ਜੇਕਰ ਸਾਨੂੰ ਘੱਟੋ-ਘੱਟ 10 ਲੱਖ ਡੋਜ਼ ਮਿਲ ਜਾਣ ਤਾਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰ ਸਕਦੇ ਹਾਂ।’’ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਵੈਕਸੀਨ ਹੋਵੇਗੀ ਤਾਂ ਹੀ ਉਹ ਲੋਕਾਂ ਦਾ ਟੀਕਾਕਰਨ ਸ਼ੁਰੂ ਕਰ ਸਕਣਗੇ।

ਪੰਜਾਬ ਪਹਿਲਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ਵੈਕਸੀਨ ਦੀ ਘਾਟ ਦੀ ਸ਼ਿਕਾਇਤ ਕਰ ਚੁੱਕਾ ਹੈ ਤੇ ਕੇਂਦਰ ਸਰਕਾਰ ਤੋਂ ਹਰ ਹਫ਼ਤੇ ਰਾਜ ਨੂੰ 15 ਲੱਖ ਡੋਜ਼ ਦੇਣ ਦੀ ਮੰਗ ਕਰ ਚੁੱਕਾ ਹੈ। ਵੈਕਸੀਨ ਦੀ ਘਾਟ ਕਾਰਨ ਪਹਿਲਾਂ ਵੀ ਰਾਜ ਸਰਕਾਰ ਨੂੰ ਕਈ ਕੇਂਦਰਾਂ ਵਿਚ ਟੀਕਾਕਰਨ ਮੁਹਿੰਮ ਰੋਕਣੀ ਪਈ ਹੈ।

error: Content is protected !!