ਜਲੰਧਰ ਦੀ Eduyouth Foundation ਨੇ ਫੜ੍ਹੀ ਕੋਰੋਨਾ ਮਰੀਜ਼ਾਂ ਦੀ ਬਾਂਹ
ਜਲੰਧਰ(ਵੀਓਪੀ ਬਿਊਰੋ) – ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਤੇ ਸ਼ਹਿਰ ’ਚ ਲਾਕਡਾਊਨ ਦੀ ਸਥਿਤੀ ਨੂੰ ਦੇਖਦੇ ਹੋਏ Eduyouth Foundation ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਫਾਊਂਡੇਸ਼ਨ ਦੇ ਮੈਂਬਰ ਸਿਰਫ਼ ਕੋਰੋਨਾ ਮਰੀਜ਼ਾਂ ਨੂੰ ਹੀ ਨਹੀਂ ਬਲਕਿ ਉਨ੍ਹਾਂ ਲੋਕਾਂ ਤਕ ਵੀ ਘਰ ਦਾ ਖਾਣਾ ਮੁਫਤ ਪਹੁੰਚਾ ਰਹੇ ਹਨ ਜਿਨ੍ਹਾਂ ਦੇ ਘਰ ’ਚ ਕੰਮ ਕਰਨ ਲਈ ਕੋਈ ਨਹੀਂ ਹੈ। ਇੰਨਾਂ ਹੀ ਨਹੀਂ ਇਹ Foundation ਉਨ੍ਹਾਂ ਬਜ਼ੁਰਗ ਲੋਕਾਂ ਤਕ ਵੀ ਖਾਣਾ ਪਹੁੰਚਾ ਰਹੀ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ ’ਚ ਹਨ। ਸੰਸਥਾ ਪਹਿਲਾਂ ਗਰੀਬ ਬੱਚਿਆਂ ਤਕ ਪੜ੍ਹਾਈ ਦਾ ਸਾਮਾਨ ਪਹੁੰਚਾਉਂਦੀ ਸੀ। ਹੁਣ ਮਾਹੌਲ ਨੂੰ ਦੇਖਦੇ ਹੋਏ ਵਾਰਿਸ ਨਾਲ ਜੂਝ ਰਹੇ ਲੋਕਾਂ ਤੇ ਜ਼ਰੂਰਤਮੰਦਾਂ ਤਕ ਖਾਣਾ ਪਹੁੰਚਾਉਣ ਦਾ ਕੰਮ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤਾ ਗਿਆ ਹੈ।
ਫਾਉਂਡੇਸ਼ਨ ਨਾਲ 14 ਤੋਂ 15 ਨੌਜਵਾਨ ਕੰਮ ਕਰ ਰਹੇ ਹਨ। ਇੰਟਰਨੈੱਟ ਮੀਡੀਆ ’ਤੇ ਇਨ੍ਹਾਂ ਨੇ ਆਪਣੇ ਫੋਨ ਨੰਬਰ ਦਿੱਤੇ ਹੋਏ ਹਨ ਜਿਨ੍ਹਾਂ ’ਤੇ ਲੋਕ ਇਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਸ਼ਹਿਰ ’ਚ ਤਿੰਨ ਥਾਵਾਂ ’ਤੇ ਇਨ੍ਹਾਂ ਨੇ ਆਪਣੀ ਰਸੋਈ ਖੋਲ੍ਹ ਦਿੱਤੀ ਹੈ ਜਿੱਥੇ ਲੋਕਾਂ ਤਕ ਦੁਪਹਿਰ ਦਾ ਤੇ ਸ਼ਾਮ ਦਾ ਖਾਣਾ ਪਹੁੰਚਾਇਆ ਜਾ ਰਿਹਾ ਹੈ।
ਅਰਬਨ ਅਸਟੇਟ ’ਚ ਰਹਿਣ ਵਾਲੇ ਪ੍ਰੋਫੈਸਰ ਕਮਲ ਸਰਤਾਜ ਸਿੰਘ ਨੇ ਇਕਲੇ ਹੀ ਪਿਛਲੇ ਸਾਲ ਕੋਵਿਡ-19 ਦੌਰਾਨ ਇਸ ਸੰਸਥਾ ਦੀ ਸ਼ੁਰੂਆਤ ਜ਼ਰੂਰਤਮੰਦ ਬੱਚਿਆਂ ਤਕ ਪੜ੍ਹਾਈ ਨਾਲ ਸਬੰਧਿਤ ਸਾਮਾਨ ਜਿਵੇਂ ਕਾਪੀਆਂ, ਕਿਤਾਬਾਂ, ਪੇਨ, ਪੇਂਸਿਲ ਜਾਂ ਫਿਰ ਖਾਣੇ ਲਈ ਪਹੁੰਚਾਉਣ ਦੇ ਮਕਸਦ ਨਾਲ ਕੀਤੀ ਸੀ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਹੁਣ ਉਹ ਕੋਰੋਨਾ ਦੇ ਮਰੀਜ਼ਾਂ ਤੇ ਜ਼ਰੂਰਤਮੰਦ ਲੋਕਾਂ ਤਕ ਲੋਕਾਂ ਤਕ ਖਾਣਾ ਬਣਾ ਕੇ ਭੇਜ ਰਹੇ ਹਨ। ਹੁਣ ਫਾਉਂਡੇਸ਼ਨ ਨਾਲ ਸ਼ਹਿਰ ਦੇ 15 ਨੌਜਵਾਨ ਵੀ ਜੁੜ ਚੁੱਕੇ ਹਨ। ਇਸ ’ਚ ਵਿਦਿਆਰਥੀ ਹਨ ਤੇ ਕਈ ਪ੍ਰੋਫੈਸਰ ਜਾਂ ਫਿਰ ਸਮਾਜਸੇਵੀ ਸ਼ਾਮਲ ਹਨ।
ਸ਼ਹਿਰ ਨੂੰ ਤਿੰਨ ਹਿੱਸਿਆਂ ’ਚ ਵੰਡ ਕੇ ਸਭ ਨੂੰ ਵੱਖ-ਵੱਖ ਕੰਮ ਦਿੱਤਾ ਗਿਆ ਹੈ। ਅਰਬਨ ਅਸਟੇਟ, ਗੁਰੂ ਤੇਗ ਬਹਾਦੁਰ ਨਗਰ ਤੇ ਫੁਟਬਾਲ ਚੌਂਕ ਕੋਲ ਰਸੋਈ ਬਣਾਈ ਗਈ ਹੈ। ਇੱਥੇ ਜੇ ਕੋਈ ਵਿਅਕਤੀ ਖਾਣੇ ਲਈ ਮਦਦ ਮੰਗਦਾ ਹੈ ਤਾਂ ਉੱਥੇ ਖੁਦ ਖਾਣਾ ਲੈ ਕੇ ਪਹੁੰਚ ਜਾਂਦੇ ਹਨ। ਸ਼ਹਿਰ ਦੇ ਕੁਝ ਹੋਰ ਲੋਕ ਵੀ ਇਨ੍ਹਾਂ ਨਾਲ ਜੁੜ ਕੇ ਕੱਚੇ ਰਾਸ਼ਨ ਦੀ ਸੇਵਾ ਦੇ ਰਹੇ ਹਨ। ਕਈ ਘਰ ਦੇ ਲੋਕ ਰੋਟੀ ਬਣਾ ਕੇ ਇਨ੍ਹਾਂ ਤਕ ਪਹੁੰਚਾ ਦਿੰਦੇ ਹਨ ਤਾਂ ਕੋਈ ਦਾਲ ਬਣਾ ਕੇ।