ਕੋਰੋਨਾ ਨਾਲ ਲੜੀਏ ਜਾਂ ਪੜ੍ਹੀਏ, ਪੜ੍ਹੋ 12ਵੀਂ ਜਮਾਤ ਦੇ ਬੱਚੇ ਕਿਹੜੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ

ਕੋਰੋਨਾ ਨਾਲ ਲੜੀਏ ਜਾਂ ਪੜ੍ਹੀਏ, ਪੜ੍ਹੋ 12ਵੀਂ ਜਮਾਤ ਦੇ ਬੱਚੇ ਕਿਹੜੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ…

ਜਲੰਧਰ – ਰਿਧੀ ਭੰਡਾਰੀ/ ਗੁਰਪ੍ਰੀਤ ਡੈਨੀ – ਕੋਰੋਨਾ ਕਰਕੇ ਵਿੱਦਿਅਕ ਅਦਾਰੇ ਪਿਛਲੇ ਸਾਲ ਤਾਂ 8 ਮਹੀਨੇ ਬੰਦ ਰਹੇ ਪਰ ਨਵਾਂ ਸਾਲ ਚੜ੍ਹਦੇ ਹੀ ਜਨਵਰੀ ਵਿਚ ਫਿਰ ਬੰਦ ਕਰ ਦਿੱਤੇ ਗਏ। ਵਿਦਿਆਰਥੀਆਂ ਨੂੰ ਕੋਵਿਡ ਤੋਂ ਬਚਾਉਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਜਦੋਂ ਤੱਕ ਕੋਰੋਨਾ ਘੱਟ ਨਹੀਂ ਹੋ ਜਾਂਦਾ ਉਦੋਂ ਤੱਕ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ।

ਕੇਂਦਰ ਸਰਕਾਰ ਤੇ ਪੰਜਾਬ ਸਰਕਾਰ 8ਵੀਂ ਤੇ 10ਵੀਂ ਜਮਾਤ ਦੇ ਬੱਚਿਆਂ ਨੂੰ ਪ੍ਰਮੋਟ ਕਰ ਚੁੱਕੀ ਹੈ। ਇਹਨਾਂ ਵਿਦਿਆਰਥੀਆਂ ਨੂੰ ਪਿਛਲੀ ਮੈਰਿਟ ਦੇ ਹਿਸਾਬ ਨਾਲ ਹੀ ਪਾਸ ਕਰ ਦਿੱਤਾ ਗਿਆ ਹੈ ਪਰ 12ਵੀਂ ਜਮਾਤ ਦੇ ਬੱਚਿਆਂ ਦੇ ਪੇਪਰਾਂ ਸੰਬੰਧੀ ਰੇੜਕਾ ਅਜੇ ਵੀ ਬਰਕਰਾਰ ਹੈ। ਇਸ ਕਰਕੇ ਬੱਚਿਆਂ ਨੂੰ ਹੁਣ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੱਚਿਆਂ ਦਾ ਕਹਿਣਾ ਹੈ ਕਿ ਜੂਨ-ਜੁਲਾਈ ਵਿਚ ਕਾਲਜਾਂ ਦੇ ਦਾਖਲੇ ਸ਼ੁਰੂ ਹੋ ਜਾਂਦੇ ਹਨ ਪਰ 12ਵੀਂ ਦੇ ਅਜੇ ਤੱਕ ਪੇਪਰ ਵੀ ਨਹੀਂ ਹੋਏ ਜਿਸ ਕਰਕੇ ਉਹ ਕਾਲਜਾਂ ਵਿਚ ਦਾਖ਼ਲਾ ਨਹੀਂ ਲੈ ਸਕਦੇ ਤੇ ਕਈ ਬੱਚਿਆਂ ਨੇ 12ਵੀਂ ਤੋਂ ਬਾਅਦ ਜੇਈਈ ਦੇ ਐਂਟਰਸ ਦੇ ਨਾਲ ਹੋਰ ਕਈ ਤਰ੍ਹਾਂ ਦੇ ਪੇਪਰ ਦੇਣੇ ਹਨ ਉਹਨਾਂ ਦਾ ਸਮਾਂ ਵੀ ਪਿੱਛੇ ਪੈ ਰਿਹਾ ਹੈ।

ਪੇਪਰਾਂ ਸੰਬੰਧੀ ਕਈ ਬੱਚਿਆਂ ਨਾਲ ਗੱਲ ਕੀਤੀ ਪੜ੍ਹੋ ਕੀ ਕਹਿਣਾ ਹੈ ਵਿਦਿਆਰਥੀਆਂ ਦਾ   

ਹਰ ਹਾਲ ‘ਚ ਹੋਣ ਪੇਪਰ – ਸ਼੍ਰਿਆ ਸ਼ਰਮਾ

ਇੰਨੋਸੈਂਟ ਹਾਰਟ ਸਕੂਲ ਦੀ ਵਿਦਿਆਰਥਣ ਸ਼੍ਰਿਆ ਸ਼ਰਮਾ ਨੇ ਕਿਹਾ ਕਿ ਪੇਪਰ ਲਗਾਤਾਰ ਮੁਲਤਵੀ ਹੋਣ ਕਰਕੇ ਸਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰਿਆ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ 12ਵੀਂ ਦੇ ਪੇਪਰ ਸਮੇਂ ਸਿਰ ਨਾ ਦੇ ਪਾਏ ਤਾਂ ਅਸੀਂ ਹੋਰ ਐਂਟਰਸ ਟੈਸਟਾਂ ਤੋਂ ਪੱਛੜ ਜਾਵਾਂਗੇ। ਸ਼੍ਰਿਆ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਪ੍ਰਮੋਟ ਨਾ ਕਰੇ ਤੇ ਕੋਰੋਨਾ ਕਰਕੇ ਸਾਵਧਾਨੀਆਂ ਵਰਤਦੇ ਹੋਏ ਹਰ ਹਾਲ ਵਿਚ ਪੇਪਰ ਲੈ ਲਵੇਂ।

ਹੁਣ ਸਰਕਾਰ ਪ੍ਰਮੋਟ ਹੀ ਕਰ ਦੇਵੇ ਤਾਂ ਚੰਗਾ ਹੈ- ਗੁਨਜਨ ਚੋਪੜਾ

ਗੁਨਜਨ ਚੋਪੜਾ ਪੰਜਾਬ ਬੋਰਡ ਦੀ ਵਿਦਿਆਰਥਣ ਹੈ ਜਿਸ ਦਾ ਕਹਿਣਾ ਹੈ ਕਿ ਹੁਣ ਤਾਂ ਪੇਪਰਾਂ ਦੀ ਤਿਆਰੀ ਕਰਦਿਆਂ-ਕਰਦਿਆਂ ਮਨ ਉਚਾਟ ਹੋਣ ਲੱਗ ਪਿਆ ਹੈ, ਕਿਉਂਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਰਕੇ ਪੇਪਰ ਵਾਰ-ਵਾਰ ਲੇਟ ਹੋ ਰਹੇ ਹਨ। ਗੁਨਜਨ ਦਾ ਕਹਿਣਾ ਹੈ ਕਿ ਹੁਣ ਅਸੀਂ ਇੰਨਾ ਅੱਕ ਗਏ ਹਾਂ ਕਿ ਅਸੀਂ ਇਹ ਕਹਿਣ ਲਈ ਮਜ਼ਬੂਰ ਹਾਂ ਕਿ ਸਰਕਾਰ ਹੁਣ ਸਾਨੂੰ ਪ੍ਰਮੋਟ ਹੀ ਕਰ ਦੇਵੇਂ ਤਾ ਚੰਗਾ ਹੈ।

ਬੱਚਿਆਂ ਨੂੰ ਪੇਪਰਾਂ ਦੁਰਾਨ ਕੋਰੋਨਾ ਹੋਣ ਦਾ ਬਣਿਆ ਰਹੇਗਾ ਡਰ – ਅਮਨਪ੍ਰੀਤ ਕੌਰ

ਬਾਬਾ ਲਾਲ ਦਿਆਲ ਕਲੋਆ (ਪੰਜਾਬ ਬੋਰਡ)  ਦੀ ਅਮਨਪ੍ਰੀਤ ਦਾ ਕਹਿਣਾ ਹੈ ਕਿ ਕੋਰੋਨਾ ਪੂਰੀ ਦੁਨੀਆਂ ਵਿਚ ਫੈਲ ਚੁੱਕਾ ਹੈ ਜੋ ਕਿ ਬਹੁਤ ਹੀ ਭਿਆਨਕ ਬਿਮਾਰੀ ਹੈ। ਅਮਨਪ੍ਰੀਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਲਾਤਾਂ ਵਿਚ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਹੀ ਔਖਾ ਹੈ ਤੇ ਪੇਪਰ ਦੇਣ ਨਾਲ ਬੱਚਿਆਂ ਉਪਰ ਹੋਰ ਜ਼ੋਖਮ ਆ ਸਕਦਾ ਹੈ, ਕਿਉਂਕਿ ਬੱਚਿਆਂ ਨੇ ਅਲੱਗ-ਅਲੱਗ ਥਾਵਾਂ ਤੋਂ ਪੇਪਰ ਦੇਣ ਆਉਣਾ ਹੈ ਜਿਸ ਕਰਕੇ ਕੋਰੋਨਾ ਫੈਲਣ ਦਾ ਡਰ ਬਣਿਆ ਰਹੇਗਾ। ਅਮਨ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਕੋਰੋਨਾ ਦਾ ਕਹਿਰ ਦੇਖਦੇ ਹੋਏ 12ਵੀਂ ਜਮਾਤ ਦੇ ਬੱਚਿਆਂ ਨੂੰ ਵੀ ਪ੍ਰਮੋਟ ਕਰ ਦੇਣਾ ਚਾਹੀਦਾ ਹੈ।

ਆਨਲਾਈਨ ਜ਼ਰੀਏ ਪੜ੍ਹਾਇਆ ਗਿਆ ਦਿਮਾਗ ‘ਚ ਨਹੀਂ ਰਹਿੰਦਾ – ਹਿਮਾਸ਼ੂ

ਪੰਜਾਬ ਬੋਰਡ ਦੇ ਅਧੀਨ ਆਉਂਦੇ ਪਾਰਵਤੀ ਜੈਨ ਜਲੰਧਰ ਸਕੂਲ ਦੇ ਹਿਮਾਸ਼ੂ ਨੇ ਕਿਹਾ ਕਿ ਹੁਣ ਤਾਂ ਸਾਰੀਆਂ ਦੁਕਾਨਾਂ ਤੇ ਬਾਜ਼ਾਰ ਖੁੱਲ੍ਹਾ ਹੈ ਤੇ ਸਰਕਾਰ ਨੂੰ ਬੱਚਿਆਂ ਦੇ ਪੇਪਰ ਲੈ ਲੈਣੇ ਚਾਹੀਦੇ ਹਨ। ਹਿਮਾਸ਼ੂ ਨੇ ਕਿਹਾ ਅਸੀਂ ਹੁਣ ਜ਼ਿਆਦਾ ਦੇਰ ਤੱਕ ਇੰਤਜ਼ਾਰ ਨਹੀਂ ਕਰ ਸਕਦੇ। ਹਿਮਾਸ਼ੂ ਨੇ ਕਿਹਾ ਕਿ ਆਨਲਾਈਨ ਜ਼ਰੀਏ ਨਾਲ ਜੋ ਪੜ੍ਹਾਇਆ ਜਾਂਦਾ ਹੈ ਉਹ ਬਹੁਤੀ ਦੇਰ ਦਿਮਾਗ ਵਿਚ ਨਹੀਂ ਰਹਿੰਦਾ।

ਜਦੋਂ ਵੀ ਚੰਗੀ ਤਿਆਰੀ ਕਰਦੇ ਹਾਂ ਤਾਂ ਸਰਕਾਰ ਮੁਲਤਵੀਂ ਕਰ ਦਿੰਦੀ ਹੈ ਪੇਪਰ – ਮਾਨਿਆਂ ਕੱਕੜ

12ਵੀਂ ਜਮਾਤ ਦੀ ਵਿਦਿਆਰਥਣ ਮਾਨਿਆਂ ਕੱਕੜ ਵੀ ਜੇਈਈ ਬੀਟੈਕ ਦੇ ਪੇਪਰ ਦੀ ਤਿਆਰੀ ਕਰ ਰਹੀ ਹੈ। ਮਾਨਿਆਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਸਰਕਾਰ ਸਾਡੇ ਪੇਪਰਾਂ ਸੰਬੰਧੀ ਕੋਈ ਗਾਈਡਲਾਈਨਜ਼ ਜਾਰੀ ਕਰੇ ਜਿਸ ਨਾਲ ਸਾਡੇ ਸਿਰ ਤੋਂ ਬੋਝ ਹਲਕਾ ਹੋਵੇ ਤਾਂ ਜੋ ਅਸੀਂ ਆਉਣ ਵਾਲੇ ਭਵਿੱਖ ਲਈ ਤਿਆਰ ਹੋ ਸਕੀਏ। ਮਾਨਿਆਂ ਦਾ ਮੰਨਣਾ ਹੈ ਕਿ ਵਿਹਲਾਪਨ ਬੋਝ ਦਾ ਕਾਰਨ ਹੈ ਅਸੀਂ ਜਦੋਂ ਵੀ ਪੇਪਰਾਂ ਦੀ ਚੰਗੀ ਤਿਆਰੀ ਕਰਦੇ ਹਾਂ ਤਾਂ ਸਰਕਾਰ ਪੇਪਰ ਮੁਲਤਵੀ ਕਰ ਦਿੰਦੀ ਹੈ ਸੋ ਉਹਨਾਂ ਕਿਹਾ ਹੈ ਕਿ ਸਰਕਾਰ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਪੇਪਰ ਲੈ ਲੈਣ ਅਸੀਂ ਵੀ ਪੂਰੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ।

ਪੰਜਾਬ ਸਰਕਾਰ ਇਹਨਾਂ ਬੱਚਿਆਂ ਦੀਆਂਂ ਸਮੱਸਿਆਵਾਂ ਨੂੰ ਦੇਖਦੇ ਹੋਏ ਕੋਈ ਨਾ ਕੋਈ ਹੱਲ ਜ਼ਰੂਰ ਕੱਢੇ ਜਿਸ ਨਾਲ ਬੱਚਿਆ ਦੇ ਭਵਿੱਖ ਵਿਚ ਕੋਈ ਚੰਗੀ ਆਸ ਬੱਝ ਸਕੇ।

error: Content is protected !!