ਜਾਣੋਂ ਕਿਹੜੇ ਇਲਾਕਿਆਂ ‘ਚ ਤੇਜ਼ ਹਨੇਰੀ ਦੇ ਨਾਲ ਹੋਵੇਗੀ ਬਾਰਿਸ਼
ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਨੇ ਮੌਸਮ ਜਾ ਮਿਜਾਜ ਬਦਲ ਦਿੱਤਾ ਹੈ। ਹੁਣ ਮੌਸਮ ਵਿਭਾਗ ਨੇ ਦੱਸਿਆ ਕਿ 7 ਮਈ ਤੋਂ 13 ਜਿਲ੍ਹਿਆ ਵਿਚ ਹਨੇਰੀ ਦੇ ਨਾਲ-ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। 12 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ, ਜਲੰਧਰ, ਮੋਗਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਪਟਿਆਲਾ ਵਿੱਚ ਬਾਰਸ਼ ਹੋ ਸਕਦੀ ਹੈ।
ਦੱਸ ਦਈਏ ਕਿ ਵੀਰਵਾਰ ਨੂੰ ਜ਼ਿਲ੍ਹਾ ਪਟਿਆਲਾ, ਸੰਗਰੂਰ, ਨਵਾਂ ਸ਼ਹਿਰ ਤੇ ਰੋਪੜ ਸਣੇ ਕਈ ਇਲਾਕਿਆਂ ਵਿੱਚ ਹਲਕੀ ਬਾਰਸ਼ ਪਈ ਜਦਕਿ ਕਈ ਥਾਵਾਂ ਉੱਪਰ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ। ਪਟਿਆਲਾ ਤੇ ਸੰਗਰੂਰ ਵਿੱਚ ਕਰੀਬ ਦੋ ਘੰਟੇ ਬਾਰਸ਼ ਪਈ। ਪੰਜਾਬ ਭਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲਵਾਈ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਪੰਜਾਬ ਵਿੱਚ ਦਿਨ ਵੇਲੇ ਔਸਤਨ ਤਾਪਮਾਨ 36 ਡਿਗਰੀ ਸੈਲਸੀਅਸ ਪਹੁੰਚ ਗਿਆ ਜਦਕਿ ਰਾਤ ਦਾ ਤਾਪਮਾਨ 23 ਡਿਗਰੀ ਸੈਲਸੀਅਸ ਰਿਹਾ।
ਆਮ ਤੌਰ ਤੇ ਮਈ ਤੇ ਪਹਿਲੇ ਹਫ਼ਤੇ ਵੱਧ ਤੋਂ ਵੱਧ ਪਾਰਾ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਜਦਕਿ ਪਹਿਲੇ ਹਫ਼ਤੇ ਵਿੱਚ ਪਾਰਾ 36 ਡਿਗਰੀ ਚੱਲ ਰਿਹਾ ਹੈ। 9 ਮਈ ਤੱਕ ਇਸ ਤਰ੍ਹਾਂ ਦਾ ਮੌਸਮ ਵਿੱਚ ਬਦਲਾਅ ਰਹੇਗਾ। ਫਿਲਹਾਲ 48 ਘੰਟੇ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਰਹੇਗੀ।