ਪੜ੍ਹੋ – ਕੋਰੋਨਾ ਤੋਂ ਬਾਅਦ ਆਕਸੀਜਨ ਦੀ ਕਮੀ ਕਿਉਂ ਆਉਂਦੀ ਹੈ
– ਡਾ. ਸ਼ਿਆਮ ਸੁੰਦਰ ਦੀਪਤੀ
ਹਵਾ-ਪਾਣੀ, ਆਬੋ-ਹਵਾ, ਜੀਵਨ ਨੂੰ ਪ੍ਰਭਾਸ਼ਿਤ ਕਰਦੇ ਸਾਡੇ ਪ੍ਰਚਲਿੱਤ ਮੁਹਾਵਰੇ ਹਨ। ਸਾਡੇ ਸਭਿਆਚਾਰ ਵਿਚ, ਵਿਸ਼ੇਸ਼ ਕਰ ਪੰਜਾਬ ਵਿਚ, ਰੋਜ਼ਾਨਾ ਦੀ ਅਰਦਾਸ ਦਾ ਹਿੱਸਾ ਹੈ, ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ’। ਹਵਾ ਅਤੇ ਉਸ ਵਿਚੋਂ ਵੀ ਆਕਸੀਜਨ ਸਾਡੇ ਜੀਵਨ ਦਾ ਆਧਾਰ ਹੈ। ਅਸੀਂ ਬਚਪਨ ਤੋਂ ਹੀ, ਸਕੂਲੀ ਵਿਦਿਆ ਦੇ ਸ਼ੁਰੂਆਤੀ ਦੌਰ ਤੋਂ, ਪੇੜ-ਪੌਦਿਆਂ ਅਤੇ ਜੀਵਾਂ ਦੇ ਰਿਸ਼ਤੇ ਨੂੰ ਆਕਸੀਜਨ ਕਾਰਬਨ ਡਾਇਆਕਸਾਈਡ ਦੇ ਅਦਲ ਬਦਲ ਰਾਹੀਂ ਸਮਝਦੇ-ਸਮਝਾਉਂਦੇ ਰਹੇ ਹਾਂ।
ਅੱਜ ਸਾਨੂੰ, ਆਕਸੀਜਨ ਐਮਰਜੈਂਸੀ ਵਰਗੇ, ਆਕਸੀਜਨ ਨੂੰ ਲੈ ਕੇ ਮਚੀ ਹਾਹਾਕਾਰ ਦੇ ਦ੍ਰਿਸ਼ ਨਜ਼ਰ ਆ ਰਹੇ ਹਨ। ਆਕਸੀਜਨ ਦੀ ਘਾਟ ਨੂੰ ਪ੍ਰਦੂਸ਼ਣ ਨਾਲ ਤਾਂ ਜੋੜਿਆ ਜਾਂਦਾ ਰਿਹਾ ਹੈ ਤੇ ਲੋਕਾਂ ਨੂੰ ਸੁਚੇਤ ਕਰਨ ਲਈ ਕਾਰਟੂਨ ਕਲਾਕਾਰਾਂ ਨੇ ਅਜਿਹੇ ਦ੍ਰਿਸ਼ ਵੀ ਸਿਰਜੇ, ਜਿਸ ਵਿਚ ਲੋਕੀਂ ਆਪਣੇ ਕੰਮਾਂ ’ਤੇ ਅਤੇ ਵਿਦਿਆਰਥੀ ਸਕੂਲਾਂ ਵਿਚ ਪਿੱਠ ’ਤੇ ਆਕਸੀਜਨ ਦਾ ਸਿਲੰਡਰ ਰੱਖ ਕੇੇ ਜਾ ਰਹੇ ਨੇ ਪਰ ਇਹ ਕਦੇ ਕਿਸੇ ਨੇ ਖ਼ੁਆਬ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਲੋਕ ਡਾਕਟਰ ਦੇ ਕਹਿਣ ’ਤੇ ਆਕਸੀਜਨ ਦਾ ਸਿਲੰਡਰ ਲੈਣ ਲਈ ਲਾਈਨਾਂ ਵਿੱਚ ਲੱਗੇ ਹੋਣਗੇ ਜਾਂ ਮੋਢਿਆਂ ’ਤੇ ਸਿਲੰਡਰ ਰੱਖ ਕੇ ਸ਼ਹਿਰ-ਸ਼ਹਿਰ ਆਕਸੀਜਨ ਦੀ ਤਲਾਸ਼ ਕਰਨਗੇ।
ਜੇਕਰ ਕਰੋਨਾ ਦੇ ਸੰਦਰਭ ਵਿਚ, ਹੋ ਰਹੀਆਂ ਮੌਤਾਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕਰੀਏ ਤਾਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਵਿਚ ਇਹ ਕਾਰਨ ਕਰੋਨਾ ਨਹੀਂ ਆਕਸੀਜਨ ਦੀ ਘਾਟ ਹੋਵੇਗਾ।
ਕੀ ਆਕਸੀਜਨ ਦੀ ਘਾਟ ਦੇਸ਼ ਵਿਚ ਇਕੋਦਮ ਹੋ ਗਈ ਹੈ ਜਾਂ ਕਰੋਨਾ ਮਰੀਜ਼ਾਂ ਨੂੰ ਹੀ ਆਕਸੀਜਨ ਦੀ ਵਾਧੂ ਲੋੜ ਪੈਣ ਲੱਗੀ ਹੈ? ਕੀ ਇਹ ਕਰੋਨਾ ਦੇ ਨਵੇਂ ਸਟ੍ਰੇਨਾਂ ਕਾਰਨ ਹੈ? ਕੀ ਇਹ ਰਾਜਨੀਤਿਕ ਨੀਤੀਆਂ ਕਾਰਨ ਹੈ? ਕੀ ਇਹ ਸੱਚੀ ਹੈ ਜਾਂ ਬਣਾਈ ਗਈ ਹੈ? ਕੀ ਇਹ ਕਾਲਾਬਾਜ਼ਾਰੀਆਂ ਦੇ ਮੁਨਾਫ਼ੇ ਦਾ ਨਤੀਜਾ ਵੀ ਹੋ ਸਕਦੀ ਹੈ? ਇਹ ਕੁਝ ਸਵਾਲ ਜਵਾਬ ਦੀ ਮੰਗ ਕਰਦੇ ਹਨ।
1.ਕਰੋਨਾ ਬਿਮਾਰੀ ਅਤੇ ਆਕਸੀਜਨ ਦਾ ਆਪਸੀ ਸਬੰਧ ਕੀ ਹੈ?
ਕਰੋਨਾ ਨਾਂ ਦਾ ਵਾਇਰਸ, ਸਾਡੇ ਸਰੀਰ ਦੀ ਸਾਹ ਪ੍ਰਣਾਲੀ ’ਤੇ ਹਮਲਾ ਕਰਨ ਵਾਲਾ ਵਾਇਰਸ ਹੈ। ਹੁਣ ਤੱਕ ਇਹ ਬਿਲਕੁਲ ਸਪੱਸ਼ਟ ਹੈ ਕਿ ਇਸ ਬਿਮਾਰੀ ਦੇ ਨਿਸ਼ਚਿਤ ਪੜਾਅ ਹਨ। ਮਾਮੂਲੀ, ਮੱਧਮ ਅਤੇ ਗੰਭੀਰ। ਵਾਇਰਸ ਨੱਕ ਰਾਹੀਂ ਸਾਡੇ ਸਰੀਰ ਵਿਚ ਦਾਖਲ ਹੁੰਦਾ ਹੈ ਅਤੇ ਵੱਡੀ ਗਿਣਤੀ ਵਿਚ ਮਾਮੂਲੀ ਜਾਂ ਵਿਚਾਰਨਯੋਗ ਲੱਛਣ ਪੈਦਾ ਹੀ ਨਹੀਂ ਕਰਦਾ। ਵਾਇਰਸ ਜਦੋਂ ਗਲੇ ’ਤੇ ਪਹੁੰਚਦਾ ਹੈ ਤਾਂ ਫਿਰ ਗਲੇ ਵਿਚ ਖਰਾਸ਼, ਸੁੱਕੀ ਖਾਂਸੀ, ਬੁਖਾਰ ਅਤੇ ਕਮਜ਼ੋਰੀ ਵਰਗੇ ਲੱਛਣ ਪੈਦਾ ਹੁੰਦੇ ਹਨ, ਜੋ ਕਿ ਮਾੜੀ ਮੋਟੀ ਦਵਾਈ ਜਾਂ ਘਰੇਲੂ ਨੁਸਖਿਆਂ, ਗਰਾਰਿਆਂ, ਭਾਫ਼ ਨਾਲ ਠੀਕ ਹੋ ਜਾਂਦਾ ਹੈ। ਤੀਸਰਾ ਪੜਾਅ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਵਾਇਰਸ ਫੇਫੜਿਆਂ ਵਿਚ ਪਹੁੰਚਦਾ ਹੈ। ਫੇਫੜੇ ਸਾਡੇ ਸਰੀਰ ਦਾ ਉਹ ਅੰਗ ਹਨ, ਜਿਥੇ ਹਵਾ ਵਿਚੋਂਂ ਆਕਸੀਜਨ ਸਾਡੇ ਖੂਨ ਵਿਚ ਰਲਦੀ ਹੈ। ਕਾਰਬਨ ਡਾਇਆਕਸਾਈਡ ਬਾਹਰ ਆਉਂਦੀ ਹੈ। ਕਰੋਨਾ ਦੇ ਇਸ ਪੜਾਅ ਦੌਰਾਨ, ਫੇਫੜਿਆਂ ਦੀ ਬਰੀਕ ਝਿਲੀਦਾਰ ਤਹਿ ਸੁੱਜ ਜਾਂਦੀ ਹੈ ਜਾਂ ਉਥੇ ਰੇਸ਼ਾ ਇਕੱਠਾ ਹੋਂ ਜਾਂਦਾ ਹੈ। ਉਸ ਵੇਲੇ ਉਹ ਥਾਂ ਆਕਸੀਜਨ-ਕਾਰਬਨ ਡਾਇਆਕਸਾਈਡ ਦੇ ਅਦਲ ਬਦਲ ਨਹੀਂ ਕਰ ਪਾਉਂਦੀ। ਅਕਸਰ ਇਹ ਪ੍ਰਗਟਾਵਾ ਕੀਤਾ ਜਾਂਦਾ ਹੈ, ਐਕਸ-ਰੇਅ ਜਾਂ ਸੀ.ਟੀ. ਤੋਂ ਬਾਅਦ ਕਿ ਫੇਫੜੇ 40 ਫੀਸਦੀ ਮਾਰ ਹੇਠ ਹਨ। ਮਤਲਬ ਕਿ ਸਰੀਰ ਵਿਚ 40 ਫ਼ੀਸਦੀ ਆਕਸੀਜਨ ਘੱਟ ਜਾ ਰਹੀ ਹੈ। ਨਤੀਜੇ ਵਜੋਂ ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ ਤੇ ਉਹ ਛੋਟੇ ਛੋਟੇ ਹੋ ਜਾਂਦੇ ਹਨ ਤਾਂ ਜੋ ਵੱਧ ਆਕਸੀਜਨ ਜਾ ਸਕੇ। ਆਕਸੀਜਨ ਕਿਸੇ ਵੀ ਹਸਪਤਾਲ ਦਾ ਜ਼ਰੂਰੀ ਹਿੱਸਾ ਹੈ। ਇਹ ਸਿਰਫ ਕਰੋਨਾ ਨਾਲ ਸਬੰਧਿਤ ਹੀ ਨਹੀਂ ਹੈ, ਹਰ ਤਰ੍ਹਾਂ ਦੇ ਨਿਮੋਨੀਆਂ ਜਾਂ ਹੋਰ ਗੰਭੀਰ ਦਿਲ ਦੀਆਂ ਹਾਲਤਾਂ ਵਿਚ ਆਕਸੀਜਨ ਜਾਨ ਬਚਾਉ ਜ਼ਰੀਆ ਹੈ।
2. ਕੀ ਇਸ ਤਰ੍ਹਾਂ ਦੀ ਹਾਲਤ ਦਾ ਸਾਡੇ ਮਾਹਿਰਾਂ ਨੂੰ ਪਤਾ ਨਹੀਂ ਸੀ, ਜੋ ਇਕੋਦਮ ਆਕਸੀਜਨ ਐਮਰਜੈਂਸੀ ਪੈਦਾ ਹੋ ਗਈ?
ਕਰੋਨਾ ਵੇਲੇ ਆਕਸੀਜਨ ਦੀ ਵੱਧ ਲੋੜ ਬਾਰੇ ਮਾਹਿਰਾਂ ਨੂੰ ਵੀ ਪਤਾ ਸੀ ਅਤੇ ਉਨ੍ਹਾਂ ਨੇ ਸਰਕਾਰ ਵਿਚ ਬੈਠੇ ਉੱਚ ਅਫਸਰਾਂ ਅਤੇ ਰਾਜਨੇਤਾਵਾਂ ਨੂੰ ਵੀ ਅਗਾਹ ਕੀਤਾ ਹੋਇਆ ਸੀ। ਪਿਛਲੇ ਸਾਲ ਦੇ ਕੇਸਾਂ ਤੋਂ ਅੰਦਾਜ਼ਾ ਲਗਾ ਕੇ ਇਕ ਕਮੇਟੀ ਨੇ ਦੇਸ਼ ਦੇ 150 ਜ਼ਿਲ੍ਹਿਆਂ ਵਿਚ 162 ਆਕਸੀਜਨ ਪਲਾਂਟ ਲਗਾਉਣ ਦੀ ਸਿਫਾਰਸ਼ ਹੀ ਨਹੀਂ ਕੀਤੀ, ਪੀ.ਐੱਮ.ਕੇਅਰ ਫੰਡ ’ਚੋਂ 200 ਕਰੋੜ ਰੁਪਏ ਖਰਚ ਕਰਨ ਦੀ ਪ੍ਰਵਾਨਗੀ ਵੀ ਲੈ ਲਈ। ਇਹ ਗੱਲ ਅਕਤੂਬਰ ਦੀ ਹੈ ਤੇ ਫਿਰ ਲੱਗਣ ਲੱਗ ਪਿਆ ਤੇ ਸਰਕਾਰ ਵਲੋਂ ਵੀ ਪੁਸ਼ਟੀ ਹੋਣੀ ਸ਼ੁਰੂ ਹੋਈ ਕਿ ਕਰੋਨਾ ਨੂੰ ਅਸੀਂ ਹਰਾ ਦਿੱਤਾ ਹੈ ਤੇ ਅਵੇਸਲੇ ਹੋ ਗਏ। ਇਨ੍ਹਾਂ ਮਨਜ਼ੂਰ ਹੋਏ ਪਲਾਟਾਂ ’ਚੋਂ ਸਿਰਫ ਤੀਹ ਕੁ ਪਲਾਂਟ ਹੀ ਚਾਲੂ ਹੋ ਸਕੇ। ਇਸ ਮੌਜੂਦਾ ਮਾੜੇ ਹਲਾਤ ਲਈ ਪੂਰੀ ਤਰ੍ਹਾਂ ਸੱਤਾਧਾਰੀ ਤਾਕਤਾਂ ਜ਼ਿੰਮੇਵਾਰ ਹਨ।
3. ਆਕਸੀਮੀਟਰ ਅਤੇ ਆਕਸੀਜਨ ਨੂੰ ਲੈ ਕੇ ਕਈ ਤਰ੍ਹਾਂ ਦੇ ਵਹਿਮ, ਗਲਤ ਜਾਣਕਾਰੀ ਮੌਜੂਦ ਹੈ। ਸੱਚ ਕੀ ਹੈ?
ਵਿਗਿਆਨ ਵਿੱਚ ਹਰ ਇਕ ਚੀਜ ਦੀ ਕਾਢ ਕਿਸੇ ਮੰਤਵ ਲਈ ਹੁੰਦੀ ਹੈ ਤੇ ਜ਼ਿਆਦਾਤਰ ਉਹ ਕਾਢ ਲੋਕਾਂ ਦੇ ਹਿੱਤ ਲਈ ਹੁੰਦੀ ਹੈ। ਆਕਸੀਮੀਟਰ, ਵਿਅਕਤੀ ਦੇ ਖੂਨ ਵਿਚ ਆਕਸੀਜਨ ਚੈੱਕ ਕਰਨ ਦਾ ਇਕ ਸੰਦ ਹੈ। ਜਿਵੇਂ ਘਰਾਂ ਵਿਚ ਥਰਮਾਮੀਟਰ ਹੁੰਦੇ ਹਨ। ਮਿੰਟਾਂ ਵਿਚ ਸਰੀਰ ਦਾ ਤਾਪਮਾਨ ਦੱਸ ਦਿੰਦੇ ਹਨ। ਆਕਸੀਮੀਟਰ ਵੀ ਸਾਧਾਰਨ ਜਿਹਾ, ਵਿਅਕਤੀ ਦੀ ਉਂਗਲੀ ’ਤੇ ਚੜ੍ਹਾ ਕੇ, ਆਕਸੀਜਨ ਚੈੱਕ ਕਰਨ ਦਾ ਸਾਧਨ ਹੈ ਪਰ ਦਿੱਕਤ ਇਹ ਹੈ ਕਿ ਕਿਸੇ ਨੇ ਇਸ ਦੀ ਸੀਮਾ ਬਾਰੇ ਨਹੀਂ ਦੱਸਿਆ ਕਿ ਕਿੰਨੀ ਹੋਣੀ ਚਾਹੀਦੀ ਹੈ, ਕਦੋਂ ਸੁਚੇਤ ਹੋਣ ਦੀ ਲੋੜ ਹੈ ਤੇ ਕਦੋਂ ਡਾਕਟਰ ਕੋਲ ਜਾਣ ਦੀ ਫ਼ਿਕਰ ਕਰਨੀ ਹੈ। ਆਮ ਤੌਰ ’ਤੇ ਖੂਨ ਦੀ ਆਕਸੀਜਨ 95 ਫ਼ੀਸਦੀ ਹੁੰਦੀ ਹੈ, ਭਾਵੇਂ ਕਿ ਸੌ ਤੱਕ ਵੀ ਪਹੁੰਚ ਜਾਂਦੀ ਹੈ। ਫ਼ਿਕਰ ਉਦੋਂ ਕਰਨੀ ਚਾਹੀਦੀ ਹੈ ਜਦੋਂ ਇਹ 90 ਫ਼ੀਸਦੀ ਤੋਂ ਥੱਲੇ ਜਾਣ ਲੱਗੇ ਪਰ ਹੁਣ ਹਰ ਇਕ ਨੇ ਆਪਣੇ ਘਰੇ ਆਕਸੀਮੀਟਰ ਰੱਖਿਆ ਹੈ ਤੇ ਮਿੰਟ ਮਿੰਟ ’ਤੇ ਚੈੱਕ ਕਰ ਰਹੇ ਹਨ ਤੇ ਪਰੇਸ਼ਾਨ ਹੋ ਰਹੇ ਹਨ। ਦੂਸਰੇ ਪਾਸੇ ਕਰੋਨਾ ਬਾਰੇ ਜਾਣਕਾਰੀ ਵੀ ਲੋਕਾਂ ਤੱਕ ਨਹੀਂ ਪਹੁੰਚਾਈ ਗਈ। ਡਰ ਦੀ ਲਹਿਰ ਵੱਧ ਹੈ। ਇਕ-ਦੋ ਫੀਸਦੀ ਘੱਟ ਹੋ ਜਾਣ ’ਤੇ ਵੀ ਲੋਕੀਂ ਹਸਪਤਾਲਾਂ/ਡਾਕਟਰਾਂ ਕੋਲ ਦੌੜਦੇ ਹਨ ਤੇ ਡਾਕਟਰ/ਹਸਪਤਾਲ ਇਨ੍ਹਾਂ ਦੀ ਬੇਚੈਨੀ ਦਾ ਫਾਇਦਾ, ਆਪਣੀਆਂ ਜੇਬਾਂ ਭਰਨ ਵਿਚ ਲੈ ਰਹੇ ਹਨ।
4.ਇਕ ਪਾਸੇ ਆਕਸੀਜਨ ਦੀ ਘਾਟ ਉਭਾਰੀ ਜਾ ਰਹੀ ਹੈ। ਲੋਕ ਮਰ ਵੀ ਰਹੇ ਹਨ, ਦੂਸਰੇ ਪਾਸੇ ਕਾਲਾਬਜ਼ਾਰੀ ਵੀ ਉਸੇ ਰਫ਼ਤਾਰ ਨਾਲ ਹੀ ਵੱਧ ਹੈ।
ਬਿਲਕੁਲ ਹੀ ਜੋ ਤਸਵੀਰ ਨਜ਼ਰ ਆ ਰਹੀ ਹੈ, ਉਹ ਸਾਡੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਹਰ ਵਿਅਕਤੀ ਇਸ ਆਫਤ ਦੀ ਘੜੀ ਵੇਲੇ, ਵੱਧ ਤੋਂ ਵੱਧ ਮੁਨਾਫਾ ਕਮਾਉਣਾ ਚਾਹੁੰਦਾ ਹੈ। ਉਹ ਕਿਸੇ ਵੀ ਤਰ੍ਹਾਂ ਇਸ ਵਕਤ ਨੂੰ ਆਪਣੇ ਹੱਥਾਂ ਵਿਚੋਂ ਗਵਾਉਣਾ ਨਹੀਂ ਚਾਹੁੰਦਾ। ਆਕਸੀਜਨ ਤਾਂ ਫਿਰ ਵੀ ਬੰਦੇ ਨੂੰ ਜਾਨ ਬਚਾਉਣ ਦਾ ਜ਼ਰੀਆ ਲੱਗਦੀ ਹੈ, ਜਦੋਂ ਉਹ ਹਜ਼ਾਰਾਂ ਦੇ ਬਦਲੇ ਲੱਖਾਂ ਰੁਪਏ ਦੇਣ ਨੂੰ ਤਿਆਰ ਹੁੰਦਾ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਆਖਰੀ ਰਸਮਾਂ ਕਰਵਾਉਣ ਵਾਲੇ ਪੰਡਤ ਨੇ ਫੀਸ ਵਧਾ ਦਿੱਤੀ ਹੈ। ਸੰਸਕਾਰ ਕਰਨ ਲਈ ਲੱਕੜਾਂ ਦਾ ਭਾਅ ਵੀ ਵੱਧ ਗਿਆ ਹੈ। ਜੇਕਰ ਮ੍ਰਿਤਕ ਦੇਹ ਨੂੰ ਕੰਧਾ ਦੇਣ ਲਈ ਚਾਰ ਘਰ ਦੇ ਜੀਅ ਨਹੀਂ ਪਹੁੰਚੇ ਤਾਂ, ਕਿਰਾਏ ’ਤੇ ਮੋਢਾ ਲਿਆ ਜਾ ਰਿਹਾ ਹੈ। ਜਿਥੋਂ ਤੱਕ ਕਾਲਾਬਜ਼ਾਰੀ ਦੀ ਗੱਲ ਹੈ, ਉਹ ਪੈਦਾ ਉਦੋਂ ਹੁੰਦੀ ਹੈ ਜਦੋਂ ਪਹਿਲਾਂ ਕਿੱਲਤ ਦਰਸਾਈ ਜਾਵੇ ਤੇ ਲਾਲਚੀ ਲੋਕ ਜਮਾਂਖੋਰੀ ਕਰ ਲੈਣ। ਕਿੱਲਤ, ਜਮਾਂਖੋਰੀ, ਬਲੈਕ ਮਾਰਕਿਟਿੰਗ ਇਹ ਇਕ ਆਪਸ ਵਿਚ ਜੁੜੀ ਪ੍ਰਕਿਰਿਆ ਹੈ। ਆਕਸੀਜਨ ਦੀ ਹਫੜਾ ਦਫੜੀ ਜ਼ਰੂਰ ਹੈ ਪਰ ਵਿਵਸਥਾ ਵਿਚ ਲੋੜ ਮੁਤਾਬਕ ਵੰਡ ਦਾ ਸਿਧਾਂਤ ਵੀ ਮੌਜੂਦ ਨਹੀਂ ਹੈ।
5. ਆਕਸੀਜਨ ਨੂੰ ਲੈ ਕੇ ਹੋ ਰਹੀ ਰਾਜਨੀਤੀ ਕਿਉਂ?
ਜਦੋਂ ਆਪਾਂ ਲੋਕਾਂ ਦੀ ਮਾਨਸਿਕਤਾ ਦੀ ਗੱਲ ਕਰਦੇ ਹਾਂ ਤਾਂ ਇਹ ਕੁੱਲ ਮਿਲਾ ਕੇ ਦੇਸ਼ ਦੀ ਮਾਨਸਿਕਤਾ ਦਾ ਪਰਛਾਵਾਂ ਹੁੰਦੀ ਹੈ। ਦੇਸ਼ ਦੀ ਮਾਨਸਿਕਤਾ ਦੇਸ਼ ਦੇ ਵੱਡੇ ਫ਼ੈਸਲੇ ਕਰਨ ਵਾਲੇ ਨੇਤਾਵਾਂ ’ਚੋਂ ਝਲਕਦੀ ਹੈ। ਅਸੀਂ ਦੇਖ ਸਕਦੇ ਹਾਂ ਕਿ ਦੇਸ਼ ਦਾ ਸੰਘੀ ਢਾਂਚਾ ਕਮਜ਼ੋਰ ਕੀਤਾ ਗਿਆ ਹੈ। ਰਾਜਾਂ ਦੇ ਹੱਥ ਵਿਚ ਪਹਿਲਾਂ ਹੀ ਘੱਟ ਅਧਿਕਾਰ ਹਨ। ਹੁਣ ਜਦੋਂ ਆਪਦਾ ਪ੍ਰਬੰਧਨ ਕਾਨੂੰਨ ਲੱਗਿਆ ਹੈ ਤਾਂ ਉਸ ਵੇਲੇ ਕਈ ਬਹੁਤ ਹੀ ਅਹਿਮ ਫ਼ੈਸਲੇ ਕੇਂਦਰ ਦੇ ਹੱਥ ਵਿਚ ਹਨ। ਕਹਿ ਸਕਦੇ ਹਾਂ, ਜੋ ਕਿ ਦਿਸ ਵੀ ਰਿਹਾ ਹੈ ਕਿ ਕੇਂਦਰ ਵੱਲੋਂ ਹੀ ਫ਼ੈਸਲਿਆਂ ਵਿਚ ਵਿਤਕਰਾ ਹੈ ਤੇ ਆਪਸੀ ਮਤਭੇਦਾਂ ਕਰਕੇ ਆਮ ਜਨਤਾ ਹਰਜਾਨਾ ਭੁਗਤ ਰਹੀ ਹੈ।
ਜੇਕਰ ਕਰੋਨਾ ਦੀ ਪੇਸ਼ਕਾਰੀ ਦੇ ਮੇਜਰ ਤਿੰਨ ਪੜਾਵਾਂ ਦੀ ਗੱਲ ਕਰੀਏ ਤਾਂ ਆਕਸੀਜਨ ਤੀਜੇ ਪੜਾਅ ’ਤੇ ਚਾਹੀਦੀ ਹੈ ਪਰ ਪਹਿਲੇ ਦੋ ਪੜਾਅ ’ਤੇ ਘਰੇ ਜਾਂ ਪਿੰਡ ਕਸਬੇ ਦੇ ਸਿਹਤ ਢਾਂਚੇ, ਚਾਹੇ ਸਰਕਾਰੀ, ਚਾਹੇ ਪ੍ਰਾਈਵੇਟ, ਇਕ ਤਾਂ ਪ੍ਰਬੰਧ ਨਹੀਂ ਹਨ ਤੇ ਦੂਸਰਾ ਪਾਜ਼ੇਟਿਵ ਕੇਸ ਦਾ ਇਲਾਜ ਕਰਨ ਲਈ ਆਮ ਡਾਕਟਰ ਵੀ ਅੱਗੇ ਨਹੀਂ ਆ ਰਹੇ। ਜੇਕਰ ਇਕ ਵਧੀਆ ਰੈਫਲ ਸਿਸਟਮ ਹੋਵੇ ਤਾਂ ਆਕਸੀਜਨ ਦੀ ਲੋੜ ਤੱਕ ਪਹੁੰਚਣ ਵਾਲੇ ਮਰੀਜ਼ ਵੀ ਘੱਟ ਹੋਣਗੇ ਤੇ ਹਫੜਾ-ਦਫੜੀ ਤੇ ਪਰੇਸ਼ਾਨੀ ਵੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਦੀ ਇੰਮਊਨਿਟੀ ਨੂੰ ਤਬਾਹ ਨਹੀਂ ਕਰਨਗੇ।