ਪਾਬੰਦੀਆਂ ਦੇ ਬਾਵਜੂਦ ਵੀ ਤੁਸੀਂ ਜਾ ਸਕਦੇ ਹੋ ਅਮਰੀਕਾ, ਜਾਣਨ ਲਈ ਪੜ੍ਹੋ ਖ਼ਬਰ

ਪਾਬੰਦੀਆਂ ਦੇ ਬਾਵਜੂਦ ਵੀ ਤੁਸੀਂ ਜਾ ਸਕਦੇ ਹੋ ਅਮਰੀਕਾ, ਜਾਣਨ ਲਈ ਪੜ੍ਹੋ ਖ਼ਬਰ

ਚੰਡੀਗੜ੍ਹ (ਵੀਓਪੀ ਬਿਊਰੋ) – ਅਮਰੀਕਾ ਜਾਣ ਉਪਰ ਪਾਬੰਦੀ ਦੇ ਬਾਵਜੂਦ ਵੀ ਹੁਣ ਤੁਸੀਂ ਅਮਰੀਕਾ ਜਾ ਸਕਦੇ ਹੋ। ਅਮਰੀਕਾ ’ਚ ਦਾਖ਼ਲ ਹੋਣ ਵਾਲੇ ਭਾਰਤੀ ਨੂੰ ਕੋਵਿਡ-19 ਤੋਂ ਠੀਕ ਹੋਣ ਦਾ ਦਸਤਾਵੇਜ਼ ਵਿਖਾਉਣਾ ਹੋਵੇਗਾ ਤੇ ਨਾਲ ਹੀ RT-PCR ਦੀ ਨੈਗੇਟਿਵ ਟੈਸਟ ਰਿਪੋਰਟ ਵੀ ਪੇਸ਼ ਕਰਨੀ ਹੋਵੇਗੀ। ਦੱਸ ਦੇਈਏ ਕਿ 4 ਮਈ ਨੂੰ ਅਮਰੀਕਾ ਨੇ ਵਿਦੇਸ਼ੀਆਂ ਦੀ ਆਮਦ ਉੱਤੇ ਮੁਕੰਮਲ ਰੋਕ ਲਾ ਦਿੱਤੀ ਸੀ। ਇਸ ਨਾਲ ਬਹੁਤ ਸਾਰੇ ਪਰਿਵਾਰ ਭਾਰਤ ’ਚ ਫਸ ਗਏ ਹਨ।

ਭਾਰਤ ’ਚ ਅਮਰੀਕੀ ਐਂਬੈਸੀ ਦੀ ਵੈੱਬਸਾਈਟ ਅਨੁਸਾਰ 2 ਸਾਲ ਤੇ ਉਸ ਤੋਂ ਵੱਧ ਉਮਰ ਦੇ ਭਾਰਤੀਆਂ ਨੂੰ ਯਾਤਰਾ ਤੋਂ 3 ਕੁ ਦਿਨ ਪਹਿਲਾਂ ਤੱਕ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨੀ ਹੋਵੇਗੀ। ਉਨ੍ਹਾਂ ਨੂੰ ਤਦ ਹੀ ਅਮਰੀਕਾ ਆਉਣ ਵਾਲੀ ਉਡਾਣ ’ਚ ਬੈਠਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੇ ਕੋਵਿਡ-19 ਤੋਂ ਪਹਿਲਾਂ ਕੋਈ ਵਿਅਕਤੀ ਪੀੜਤ ਹੋ ਚੁੱਕਾ ਹੈ, ਤਾਂ ਉਸ ਤੋਂ ਠੀਕ ਹੋਣ ਦਾ ਡਾਕਟਰੀ ਪ੍ਰਮਾਣ ਵੀ ਪੇਸ਼ ਕਰਨਾ ਹੋਵੇਗਾ।

ਅਜਿਹੀ ਸਹੂਲਤ ਉਹ ਭਾਰਤੀ ਵਰਤ ਸਕਣਗੇ, ਜਿਹੜੇ ਇਸ ਵੇਲੇ ਅਮਰੀਕੀ ਨਾਗਰਿਕ ਹਨ ਅਤੇ ਜਾਂ ਜਿਨ੍ਹਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ (ਪੀਆਰ ਭਾਵ ਗ੍ਰੀਨ ਕਾਰਡ) ਹੈ। ਇਸ ਤੋਂ ਇਲਾਵਾ ਕੁਝ ਹੋਰ ਭਾਰਤੀ ਯਾਤਰੀਆਂ ਨੂੰ ਵੀ ਛੋਟ ਹਾਸਲ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ‘ਯੂਐਸ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ’ (CDC) ਦੀ ਵੈੱਬਸਾਈਟ ਉੱਤੇ ਮੌਜੂਦ ਹੈ।

ਏਅਰ ਇੰਡੀਆ ਵੱਲੋਂ ਭਾਰਤ ਤੋਂ ਹਫ਼ਤੇ ਵਿੱਚ ਕਈ ਸਿੱਧੀਆਂ ਉਡਾਣਾਂ ਅਮਰੀਕਾ ਲਈ ਰਵਾਨਾ ਹੁੰਦੀਆਂ ਹਨ। ਇਸ ਤੋਂ ਇਲਾਵਾ ਏਅਰ ਫ਼ਰਾਂਸ, ਲੁਫ਼ਥਾਂਸਾ ਤੇ ਕਤਰ ਏਅਰਵੇਜ਼ ਦੀਆਂ ਉਡਾਣਾਂ ਵੀ ਪੈਰਿਸ, ਫ਼ਰੈਂਕ਼ਰਟ ਤੇ ਦੋਹਾ ਹੋ ਕੇ ਜਾ ਰਹੀਆਂ ਹਨ। ਅਮਰੀਕਾ ਜਾਣ ਦੇ ਚਾਹਵਾਨ ਆਪਣੀਆਂ ਟਿਕਟਾਂ ਆਨਲਾਈਨ ਬੁੱਕ ਕਰ ਸਕਦੇ ਹਨ।

error: Content is protected !!