ਈਦ ਦੀ ਨਮਾਜ਼ ਅਦਾ ਕਰਨ ‘ਤੇ ਜਲੰਧਰ ਪੁਲਿਸ ਤੇ ਮੁਸਲਿਮ ਭਾਈਚਾਰੇ ਨੇ ਲਿਆ ਇਹ ਵੱਡਾ ਫੈਸਲਾ  

ਈਦ ਦੀ ਨਮਾਜ਼ ਅਦਾ ਕਰਨ ‘ਤੇ ਜਲੰਧਰ ਪੁਲਿਸ ਤੇ ਮੁਸਲਿਮ ਭਾਈਚਾਰੇ ਨੇ ਲਿਆ ਇਹ ਵੱਡਾ ਫੈਸਲਾ

ਮੁਸਲਿਮ ਭਾਈਚਾਰੇ ਦੇ ਵਫ਼ਦ ਨੇ ਸੂਬਾ ਸਰਕਾਰ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਦਿਵਾਇਆ ਭਰੋਸਾ

ਜਲੰਧਰ (ਰੰਗਪੁਰੀ) ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮੁਸਲਮਾਨ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਆਪਣੇ ਘਰਾਂ ਤੋਂ ਹੀ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਫੈਸਲਾ ਈਦਗਾਹ ਅਤੇ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਦੇ ਦਫ਼ਤਰ ਵਿਖੇ ਹੋਈਆਂ ਮੀਟਿੰਗਾਂ ਦੇ ਦੌਰ ਵਿੱਚ ਲਿਆ ਗਿਆ, ਜਿਸ ਦੌਰਾਨ ਮੁਸਲਿਮ ਭਾਈਚਾਰੇ ਦੇ ਕਈ ਪ੍ਰਮੁੱਖ ਆਗੂ ਮੌਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਵਿਸ਼ਵਵਿਆਪੀ ਮਹਾਂਮਾਰੀ ਕਾਰਨ ਲੋਕਾਂ ਨੂੰ ਭਾਰਤ ਦੇ ਵੱਡੇ ਤਿਉਹਾਰ ਜਿਵੇਂ ਸ਼੍ਰੀ ਰਾਮ ਨੌਮੀ, ਈਸਟਰ, ਵਿਸਾਖੀ ਅਤੇ ਹੋਰਾਂ ਨੂੰ ਘਰਾਂ ਵਿੱਚ ਮਨਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੇ ਫੈਲਣ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ, ਇਸ ਲਈ ਈਦ ਦੇ ਤਿਉਹਾਰ ਨੂੰ ਮਨਾਉਣ ਸਮੇਂ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਪੁਲਿਸ ਨੇ ਮੁਸਲਿਮ ਭਾਈਚਾਰੇ ਦੇ ਵਫ਼ਦ ਨੂੰ ਘਰ ਤੋਂ ਨਮਾਜ਼ ਅਦਾ ਕਰਕੇ ਈਦ ਦੇ ਤਿਉਹਾਰ ਪੂਰੇ ਧਾਰਮਿਕ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਕੀਤੀ ।

          ਮੁਸਲਿਮ ਸੰਗਠਨ ਪੰਜਾਬ ਦੇ ਐਡਵੋਕੇਟ ਨਈਮ ਖਾਨ, ਸਰਫ਼ਰਾਜ਼ ਖਾਨ, ਜ਼ਬਾਰ ਖਾਨ, ਅਮਜ਼ਦ ਖਾਨ ਦੀ ਅਗਵਾਈ ਵਾਲੇ ਮੁਸਲਿਮ ਭਾਈਚਾਰੇ ਦੇ ਵਫ਼ਦ ਨੇ ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਮੁਸਲਿਮ ਭਾਈਚਾਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਵਿਆਪਕ ਯਤਨਾਂ ਤੋਂ ਪੂਰੀ ਤਰ੍ਹਾਂ ਵਾਕਿਫ਼ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਭਾਈਚਾਰੇ ਵੱਲੋਂ ਮੁੱਖ ਮੰਤਰੀ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਿੱਤਾ ਜਾਵੇਗਾ ਅਤੇ ਈਦ ਦੇ ਤਿਉਹਾਰ ਮੌਕੇ ਘਰ ਤੋਂ ਹੀ ਨਮਾਜ਼ ਅਦਾ ਕੀਤੀ ਜਾਵੇਗੀ।

ਵਫ਼ਦ ਨੇ ਕਿਹਾ ਕਿ ਮਨੁੱਖਤਾ ਨੂੰ ਮਹਾਂਮਾਰੀ ਦੀ ਮਾਰ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਸ ਮਹਾਂਮਾਰੀ ਦੇ ਕਹਿਰ ਤੋਂ ਸੂਬੇ ਨੂੰ ਬਚਾਉਣ ਲਈ ਮੁੱਖ ਮੰਤਰੀ ਵੱਲੋਂ ਚੁੱਕੇ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਅਤੇ ਨਿਰਣਾਇਕਤਾ ਨੇ ਸੂਬੇ ਨੂੰ ਬਚਾ ਲਿਆ ਹੈ।

 

Leave a Reply

Your email address will not be published. Required fields are marked *

error: Content is protected !!