ਜਲੰਧਰ ਦੇ ਬਾਜ਼ਾਰਾਂ ‘ਚ ਉੱਡ ਰਹੀਆਂ ਨਿਯਮਾਂ ਦੀ ਧੱਜੀਆਂ

ਜਲੰਧਰ ਦੇ ਬਾਜ਼ਾਰਾਂ ‘ਚ ਉੱਡ ਰਹੀਆਂ ਨਿਯਮਾਂ ਦੀ ਧੱਜੀਆਂ

ਜਲੰਧਰ ( ਵੀਓਪੀ ਬਿਊਰੋ) – ਦੁਕਾਨਾਦਾਰਾਂ ਦੇ ਵਿਰੋਧ ਤੋਂ ਬਾਅਦ ਗੈਰਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਲੋਕਾਂ ਨੇ ਇਸਦਾ ਨਾਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੋਲ੍ਹਣ ਨੂੰ ਦਿੱਤੀ ਗਈ ਇਜਾਜ਼ਤ ਦੇ ਚੱਲਦਿਆਂ ਬਾਜ਼ਾਰਾਂ ਵਿਚ ਲੋਕ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਭੁੱਲ ਗਏ ਹਨ। ਦੁਪਹਿਰ ਵੇਲੇ ਤਿੰਨ ਵਜਦਿਆਂ ਹੀ ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਬੇਕਾਬੂ ਹੋ ਜਾਂਦੀ ਹੈ। ਪੁਲੀਸ ਦਾ ਸਾਰਾ ਜ਼ੋਰ ਵੀ ਦੁਕਾਨਾਂ ਬੰਦ ਕਰਾਉਣ ’ਤੇ ਹੀ ਲੱਗਾ ਹੁੰਦਾ ਹੈ। ਇਥੋਂ ਦੇ ਰੈਣਕ ਬਾਜ਼ਾਰ, ਭੈਰੋਂ ਬਾਜ਼ਾਰ, ਫਗਵਾੜਾ ਗੇਟ, ਬਾਂਸਾਂ ਵਾਲਾ ਬਾਜ਼ਾਰ, ਜੋਤੀ ਚੌਕ ਤੇ ਸ਼ਹਿਰ ਦੇ ਇਲਾਕਿਆਂ ਵਿਚ ਲੋਕਾਂ ਦੀ ਆਵਾਜਾਈ ਏਨੀ ਜ਼ਿਆਦਾ ਹੁੰਦੀ ਹੈ ਕਿ ਦੁਪਹਿਰ ਤੱਕ ਭੀੜ ਬੇਕਾਬੂ ਹੋ ਜਾਂਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਇਸ ਕਰਕੇ ਵੀ ਬਾਜ਼ਾਰਾਂ ਵਿਚ ਜ਼ਿਆਦਾ ਆ ਜਾਂਦੇ ਹਨ ਕਿਉਂਕਿ ਦੁਕਾਨਾਂ ਤਿੰਨ ਵਜੇ ਬੰਦ ਹੋ ਜਾਂਦੀਆਂ ਹਨ ਤੇ ਇਸ ਤੋਂ ਪਹਿਲਾਂ-ਪਹਿਲਾਂ ਖਰੀਦਦਾਰੀ ਕੀਤੀ ਜਾ ਸਕੇ। ਅੱਜ ਬਹੁਤੀਆਂ ਦੁਕਾਨਾਂ ਪੁਲੀਸ ਨੇ ਪੌਣੇ ਤਿੰਨ ਵਜੇ ਹੀ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਤਿੰਨ ਵੱਜਦੇ ਹੀ ਦੁਕਾਨਾਂ ਤਾਂ ਬੰਦ ਹੋ ਗਈਆਂ ਪਰ ਬਾਜ਼ਾਰਾਂ ਵਿਚੋਂ ਲੋਕਾਂ ਨੂੰ ਨਿਕਲਦਿਆਂ ਕਾਫੀ ਸਮਾਂ ਲੱਗ ਗਿਆ। ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਤਾਂ ਹੋਰ ਵੀ ਪ੍ਰੇਸ਼ਾਨੀ ਦੇਖਣ ਨੂੰ ਮਿਲੀ ਜਦੋਂ ਬਹੁਤ ਸਾਰੇ ਦੁਕਾਨਦਾਰਾਂ ਨੇ ਵੀ ਮਾਸਕ ਨਹੀਂ ਪਾਏ ਹੋਏ ਸਨ ਤੇ ਬਾਜ਼ਾਰਾਂ ਵਿਚ ਘੁੰਮ ਰਹੇ ਲੋਕ ਵੀ ਮਾਸਕ ਪਾਉਣ ਤੋਂ ਲਾਪ੍ਰਵਾਹ ਦਿਸੇ।

ਜਲੰਧਰ ਵਿੱਚ ਆਏ ਦਿਨ ਕਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸ਼ਹਿਰ ਦੇ ਹਸਪਤਾਲ ਵੀ ਕਰੋਨਾ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਪ੍ਰਸ਼ਾਸਨ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਦੇ ਰਹੇ ਤਾਂ ਸਥਿਤੀ ਹੋਰ ਵੀ ਵਿਗੜਨ ਦਾ ਡਰ ਹੈ।

error: Content is protected !!