ਪੰਜਾਬ ਦੀ ਸਿਆਸਤ ਦੇ ਲੰਮੇ ਘਸਮਾਣ ਤੋਂ ਬਾਅਦ ਬੇਅਦਬੀ ਮਾਮਲੇ ‘ਚ 6 ਡੇਰਾ ਪ੍ਰੇਮੀ ਗ੍ਰਿਫ਼ਤਾਰ

ਪੰਜਾਬ ਦੀ ਸਿਆਸਤ ਦੇ ਲੰਮੇ ਘਸਮਾਣ ਤੋਂ ਬਾਅਦ ਬੇਅਦਬੀ ਮਾਮਲੇ ‘ਚ 6 ਡੇਰਾ ਪ੍ਰੇਮੀ ਗ੍ਰਿਫ਼ਤਾਰ

ਮੋਹਾਲੀ (ਵੀਓਪੀ ਬਿਊਰੋ) – ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਘਸਮਾਣ ਚੱਲ ਰਿਹਾ ਹੈ। ਕਾਂਗਰਸ ਦੇ ਕਈ ਲੀਡਰ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ ਮੋਰਚਾ ਖੋਲ੍ਹੀ ਬੈਠੇ ਹਨ। ਹੁਣ ਨਵੀਂ ਬਣੀ ਸਿੱਟ ਨੇ ਵੱਡੀ ਕਾਰਵਾਈ ਕੀਤੀ ਹੈ। ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀਆਂ ਫਾਈਲਾਂ ਸੀਬੀਆਈ ਤੋਂ ਵਾਪਸ ਲੈਣ ਤੋਂ ਬਾਅਦ ਪੰਜਾਬ ਪੁਲਿਸ ਨੇ ਬੇਅਦਬੀ ਮਾਮਲਿਆਂ ਨੂੰ ਹੱਲ ਕਰਨ ਲਈ ਵੱਡੀ ਸਫਲਤਾ ਹਾਸਲ ਕਰਦਿਆਂ ਬੇਅਦਬੀ/ਸਰੂਪ ਚੋਰੀ ਕੇਸਾਂ ‘ਚ ਨਾਮਜ਼ਦ 6 ਡੇਰਾ ਪ੍ਰਰੇਮੀਆਂ ਨੂੰ ਗਿ੍ਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਨਿਸ਼ਾਨ ਸਿੰਘ, ਰਣਜੀਤ ਸਿੰਘ, ਪਰਦੀਪ ਸਿੰਘ (ਤਿੰਨੇ ਕੋਟਕਪੂਰਾ) ਤੋਂ ਇਲਾਵਾ ਬਲਜੀਤ ਸਿੰਘ ਤੇ ਸ਼ਕਤੀ ਸਿੰਘ ਫ਼ਰੀਦਕੋਟ ਅਤੇ ਸੁਖਵਿੰਦਰ ਸਿੰਘ ਸੰਨੀ ਵਜੋਂ ਹੋਈ ਹੈ ਜਿਨ੍ਹਾਂ ਨੂੰ ਏਆਈਜੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਾਲੀ ਟੀਮ ਨੇ ਗਿ੍ਫ਼ਤਾਰ ਕੀਤਾ ਹੈ। ਐੱਸਆਈਟੀ ਨੂੰ ਮਿਲੀ ਵੱਡੀ ਸਫਲਤਾ ਤੋਂ ਬਾਅਦ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਤੇ ਸਰੂਪ ਚੋਰੀ ਕਰਨ ਵਿਚ ਸ਼ਾਮਲ ਮੁਲਜ਼ਮਾਂ ਨੂੰ ਸਜ਼ਾਵਾਂ ਮਿਲਣ ਲਈ ਵੱਡੀ ਆਸ ਜਾਗਦੀ ਵੀ ਦਿਖਾਈ ਦੇ ਰਹੀ ਹੈ।

ਐੱਸਆਈਟੀ ਦੇ ਮੈਂਬਰ ਹੁਣ ਮੁਲਜ਼ਮਾਂ ਪਾਸੋਂ ਬੇਅਦਬੀ ਪਿੱਛੇ ਵਜ੍ਹਾ ਤੇ ਹੋਰ ਵੱਖ-ਵੱਖ ਪਹਿਲੂਆਂ ‘ਤੇ ਪੜਤਾਲ ਕਰ ਰਹੇ ਹਨ ਤੇ ਟੀਮ ਦੀ ਅਗਵਾਈ ਖ਼ੁਦ ਐੱਸਆਈਟੀ ਦੇ ਚੇਅਰਮੈਨ ਤੇ ਆਈਜੀ ਬਾਰਡਰ ਰੇਂਜ ਐੱਸਪੀਐੱਸ ਪਰਮਾਰ ਕਰ ਰਹੇ ਹਨ। ਪੁਲਿਸ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਕੁਝ ਅਜਿਹੇ ਸੁਰਾਗ ਮਿਲੇ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਕਈ ਹੋਰ ਅਹਿਮ ਤੇ ਵੱਡੇ ਖ਼ੁਲਾਸੇ ਹੋਣਗੇ। ਦੱਸਣਾ ਬਣਦਾ ਹੈ ਕਿ ਸਾਲ 2014-15 ਨਾਲ ਸਬੰਧਤ ਬਰਗਾੜੀ ਬੇਅਦਬੀ ਮਾਮਲੇ ਵਿਚ ਤਿੰਨ ਕੇਸ ਸ਼ਾਮਲ ਹਨ ਜਿਨ੍ਹਾਂ ਵਿਚ ਗੁਰੂ ਗ੍ੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਕੇ ਗਲੀਆਂ ‘ਚ ਖਿਲਾਰਨ ਤੋਂ ਇਲਾਵਾ ਪਵਿੱਤਰ ਸਰੂਪ ਚੋਰੀ ਕਰਨ ਤੇ ਪਿੰਡਾਂ ਵਿਚ ਪੋਸਟਰ ਚਿਪਕਾਉਣ ਦਾ ਮਾਮਲਾ ਸ਼ਾਮਲ ਹੈ, ਜਿਨ੍ਹਾਂ ਨੂੰ ਲੈ ਕੇ ਫ਼ਰੀਦਕੋਟ ਦੇ ਬਾਜਾਖ਼ਾਨਾ ਥਾਣੇ ‘ਚ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਕੇਸਾਂ ਦੀ ਪੜਤਾਲ ਉਸ ਵੇਲੇ ਦੀ ਸਰਕਾਰ ਨੇ ਸੀਬੀਆਈ ਨੂੰ ਸੌਂਪੀ ਸੀ ਪਰ ਬਾਅਦ ‘ਚ ਮੌਜੂਦਾ ਕਾਂਗਰਸ ਸਰਕਾਰ ਨੇ ਵਿਧਾਨ ਸਭਾ ‘ਚ ਮਤਾ ਪਾਸ ਕਰ ਕੇ ਇਹ ਪੜਤਾਲ ਸੀਬੀਆਈ ਤੋਂ ਵਾਪਸ ਲੈ ਲਈ।

ਸੀਬੀਆਈ ਨੇ ਸਰਕਾਰ ਵੱਲੋਂ ਪਾਸ ਮਤੇ ਖ਼ਿਲਾਫ਼ ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ ਰਿੱਟ ਦਾਖ਼ਲ ਕਰਕੇ ਚੁਣੌਤੀ ਦਿੱਤੀ ਪਰ ਕੇਸ ਵਾਪਸ ਲੈਣ ‘ਚ ਨਾਕਾਮ ਰਹੀ। ਹੁਣ ਐੱਸਆਈਟੀ ਨੇ ਫਰਵਰੀ 2021 ‘ਚ ਇਨ੍ਹਾਂ ਕੇਸਾਂ ਦੀ ਦੁਬਾਰਾ ਜਾਂਚ-ਪੜਤਾਲ ਸ਼ੁਰੂ ਕੀਤੀ ਸੀ। ਤਿੰਨਾਂ ਕੇਸਾਂ ਦੀ ਪੜਤਾਲ ਪੰਜਾਬ ਪੁਲਿਸ ਦੇ ਆਹਲਾ ਅਫਸਰ ਆਈਜੀ ਪਰਮਾਰ ਤੋਂ ਇਲਾਵਾ ਏਆਈਜੀ ਤੇ ਸਾਬਕਾ ਐੱਸਐੱਸਪੀ ਗੁਰਦਾਸਪੁਰ ਰਜਿੰਦਰ ਸਿੰਘ ਸੋਹਲ, ਇੰਸਪੈਕਟਰ ਦਲਬੀਰ ਸਿੰਘ ਕਰ ਰਹੇ ਹਨ ਤੇ ਹੁਣ ਇਨ੍ਹਾਂ ਮਾਮਲਿਆਂ ਵਿਚ ਹੋਰ ਗਿ੍ਫ਼ਤਾਰੀਆਂ ਬਾਰੇ ਵੀ ਚਰਚੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਪੂਰੇ ਪੰਜਾਬ ਤੇ ਸੰਸਾਰ ਦੀਆਂ ਸਿੱਖ ਸੰਗਤਾਂ ਦੀਆਂ ਨਿਗ੍ਹਾਹਾਂ ਇਨ੍ਹਾਂ ਕੇਸਾਂ ਵੱਲ ਹਨ ਤੇ ਇਨ੍ਹਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਸੀ।

error: Content is protected !!