ਨਹਿਰੂ ਪਰਿਵਾਰ ਨਾਲ ਰਹੇ ਪੁਰਾਣੇ ਸਬੰਧ, ਸਿੱਖਾਂ ਨੂੰ ਠੇਸ ਪਹੁੰਚਾਉਣ ਦਾ ਕਦੇ ਸੁਪਨਾ ਨਹੀਂ ਆਇਆ : ਅਮਿਤਾਭ ਬੱਚਨ

ਨਹਿਰੂ ਪਰਿਵਾਰ ਨਾਲ ਰਹੇ ਪੁਰਾਣੇ ਸਬੰਧ, ਸਿੱਖਾਂ ਨੂੰ ਠੇਸ ਪਹੁੰਚਾਉਣ ਦਾ ਕਦੇ ਸੁਪਨਾ ਨਹੀਂ ਆਇਆ : ਅਮਿਤਾਭ ਬੱਚਨ

ਨਵੀਂ ਦਿੱਲੀ (ਵੀਓਪੀ ਬਿਊਰੋ) – ਬਾਲੀਵੁੱਡ ਦੇ ਮਸ਼ਹੂਰ ਅਦਾਕਰ ਅਮਿਤਾਭ ਬੱਚਨ ਨੇ ਦਾਨ ’ਚ ਦਿੱਤੇ ਗਏ ਕਰੋੜਾਂ ਰੁਪਏ ਨੂੰ ਲੈ ਕੇ ਸਿੱਖ ਸਿਆਸਤ ਵਿੱਚ ਪਿਛਲੇ ਕਈ ਦਿਨਾਂ ਤੋਂ ਹੰਗਾਮਾ ਹੋ ਰਿਹਾ ਹੈ। ਅਮਿਤਾਭ ਬੱਚਨ ਉੱਪਰ ਸਿੱਖ ਕਤਲੇਆਮ ਨੂੰ ਲੈ ਕੇ ਇਲਜ਼ਾਮ ਲਾਏ ਜਾ ਰਹੇ ਹਨ। ਇਸ ਦੌਰਾਨ ਪੂਰੇ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਅਮਿਤਾਭ ਬੱਚਨ ਨੇ 10 ਸਾਲ ਪਹਿਲਾਂ ਪੂਰੇ ਮਾਮਲੇ ’ਚ ਇੱਕ ਚਿੱਠੀ ਲਿਖ ਕੇ ਖ਼ੁਦ ਉੱਤੇ ਲੱਗੇ ਇਲਜ਼ਾਮ ਰੱਦ ਕੀਤੇ ਸਨ। ਅਮਿਤਾਭ ਬੱਚਨ ਦੀ ਇਹ ਕਥਿਤ ਚਿੱਠੀ ਹੁਣ ਸਾਹਮਣੇ ਆਈ ਹੈ ਤੇ ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋਈ ਹੈ।

ਅਮਿਤਾਭ ਬੱਚਨ ਵੱਲੋਂ ਸਾਲ 2011 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਚਿੱਠੀ ਸਾਹਮਣੇ ਆਈ ਹੈ। ਇਸ ਚਿੱਠੀ ’ਚ ਅਮਿਤਾਭ ਬੱਚਨ ਵੱਲੋਂ ਆਪਣੇ ’ਤੇ ਲੱਗੇ ਸਿੱਖ ਕਤਲੇਆਮ ਲਈ ਭੀੜ ਨੂੰ ਭੜਕਾਉਣ ਵਾਲੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਦਿੱਤਾ ਸੀ। ਇਹ ਚਿੱਠੀ ਉਨ੍ਹਾਂ ਮੁੰਬਈ ਦੇ ਨਿਵਾਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ ਦੇ ਮਾਧਿਅਮ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਭੇਜੀ ਸੀ।

ਇਸ ਚਿੱਠੀ ’ਚ ਅਮਿਤਾਭ ਬੱਚਨ ਨੇ ਸਾਫ਼ ਕਿਹਾ ਸੀ ਕਿ ਉਹ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਬਾਰੇ ਸੁਫ਼ਨੇ ’ਚ ਵੀ ਨਹੀਂ ਸੋਚ ਸਕਦੇ। ਸਾਲ 1984 ’ਚ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਉੱਤੇ ਹਿੰਸਾ ਭੜਕਾਉਣ ਦੇ ਲਾਏ ਜਾ ਰਹੇ ਦੋਸ਼ ਗ਼ਲਤ ਹਨ। ਇਹ ਚਿੱਠੀ ਉਸ ਵੇਲੇ ਸਾਹਮਣੇ ਆਈ ਹੈ, ਜਦੋਂ ਅਮਿਤਾਭ ਬੱਚਨ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 12 ਕਰੋੜ ਰੁਪਏ ਦਾਨ ਕੀਤੇ ਹਨ।

ਮਨਜੀਤ ਸਿੰਘ ਜੀਕੇ ਵੱਲੋਂ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਨਜਿੰਦਰ ਸਿੰਘ ਸਿਰਸਾ ਵਿਰੁੱਧ ਇੱਕ ਚਿੱਠੀ ਵੀ ਦਿੱਤੀ ਗਈ ਸੀ। ਇਸ ਵਿੱਚ ਉਨ੍ਹਾਂ ਆਖਿਆ ਸੀ ਕਿ ਉਨ੍ਹਾਂ ਇਹ ਦਾਨ ਸਿੱਖ ਰਵਾਇਤਾਂ ਵਿਰੁੱਧ ਲਿਆ ਹੈ ਕਿਉਂਕਿ ਅਮਿਤਾਭ ਬੱਚਨ ‘ਸਿੱਖ ਵਿਰੋਧੀ’ ਹਨ।

ਅਮਿਤਾਭ ਬੱਚਨ ਨੇ ਜਜ਼ਬਾਤੀ ਰੌਂਅ ’ਚ ਆਪਣੀ ਉਸ 10 ਵਰ੍ਹੇ ਪੁਰਾਣੀ ਚਿੱਠੀ ਵਿੱਚ ਲਿਖਿਆ ਸੀ ਕਿ 1984 ਸਿੱਖ ਕਤਲੇਆਮ ਦੌਰਾਨ ਉਨ੍ਹਾਂ ਵਿਰੁੱਧ ਹਿੰਸਾ ਭੜਕਾਉਣ ’ਚ ਸ਼ਾਮਲ ਹੋਣ ਦੇ ਗ਼ਲਤ ਦੋਸ਼ ਲਾਏ ਜਾ ਰਹੇ ਹਨ। ਇਨ੍ਹਾਂ ਦੋਸ਼ਾਂ ਨੇ ਉਨ੍ਹਾਂ ਨੂੰ ਕਾਫ਼ੀ ਦੁੱਖ ਪਹੁੰਚਾਇਆ ਹੈ। ਉਹ ਇਹ ਚਿੱਠੀ ਕਾਫ਼ੀ ਦੁਖੀ ਹੋ ਕੇ ਲਿਖ ਰਹੇ ਹਨ। ਇਹ ਚਿੱਠੀ ਉਨ੍ਹਾਂ ਤਦ ਲਿਖੀ ਸੀ, ਜਦੋਂ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ’ਚ ਇਤਿਹਾਸਕ ਖ਼ਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਪੱਤਰ ਭੇਜਿਆ ਗਿਆ ਸੀ।

ਉਨ੍ਹਾਂ ਇਹ ਸੱਦਾ ਪ੍ਰਵਾਨ ਵੀ ਕਰ ਲਿਆ ਸੀ ਤੇ ਉਹ ਉਸ ਸਮਾਰੋਹ ’ਚ ਆਉਣਾ ਵੀ ਚਾਹੁੰਦੇ ਸਨ। ਬਾਅਦ ’ਚ ਉਨ੍ਹਾਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਉਸ ਇਤਿਹਾਸਕ ਸਮਾਰੋਹ ’ਚ ਕਿਸੇ ਲਈ ‘ਸ਼ਰਮਿੰਦਗੀ’ ਦਾ ਕਾਰਨ ਨਹੀਂ ਬਣਨਾ ਚਾਹੁੰਦੇ ਸਨ। ਜਦੋਂ ਸਮਾਰੋਹ ਖ਼ਤਮ ਹੋ ਗਿਆ, ਤਾਂ ਉਨ੍ਹਾਂ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਸੀ।

ਆਪਣੀ ਉਸ ਚਿੱਠੀ ’ਚ ਉਨ੍ਹਾਂ ਸਪੱਸ਼ਟ ਲਿਖਿਆ ਸੀ ਕਿ ਨਹਿਰੂ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਰਹੇ ਹਨ। ਹਰ ਸੁੱਖ ਦੁੱਖ ’ਚ ਉਹ ਇੱਕ-ਦੂਜੇ ਦੇ ਘਰ ਆਉਂਦੇ-ਜਾਂਦੇ ਸਨ। ਉਨ੍ਹਾਂ ਲਿਖਿਆ ਕਿ 1984 ’ਚ ਸਿੱਖ ਵਿਰੋਧੀ ਕਤਲੇਆਮ ਦੀ ਘਟਨਾ ਦੇਸ਼ ਦੇ ਇਤਿਹਾਸ ਵਿੱਚ ਇੱਕ ਕਾਲਾ ਅਧਿਆਏ ਹੈ। ਉਨ੍ਹਾਂ ਚਿੱਠੀ ਵਿੱਚ ਇਹ ਵੀ ਲਿਖਿਆ ਸੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਹ ਕਦੇ ਠੇਸ ਨਹੀਂ ਪਹੁੰਚਾ ਸਕਦੇ ਕਿਉਂਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਸਿੱਖੀ ਬਾਰੇ ਹੀ ਦੱਸਦਾ ਰਿਹਾ ਹੈ।

error: Content is protected !!