ਬਲਾਤਕਾਰ ਦੇ ਕੇਸ ‘ਚ ਸਜ਼ਾ ਭੁਗਤ ਰਹੇ ਰਾਮ ਰਹੀਮ ਦੀ ਰਿਹਾਈ ਲਈ ਗੁਰਦੁਆਰਿਆਂ ‘ਚ ਹੋਣ ਲੱਗੀਆਂ ਅਰਦਾਸ, ਐਸਐਸਪੀ ਕੋਲ ਪੁੱਜੀ ਸ਼ਿਕਾਇਤ

ਬਲਾਤਕਾਰ ਦੇ ਕੇਸ ‘ਚ ਸਜ਼ਾ ਭੁਗਤ ਰਹੇ ਰਾਮ ਰਹੀਮ ਦੀ ਰਿਹਾਈ ਲਈ ਗੁਰਦੁਆਰਿਆਂ ‘ਚ ਹੋਣ ਲੱਗੀਆਂ ਅਰਦਾਸ, ਐਸਐਸਪੀ ਕੋਲ ਪੁੱਜੀ ਸ਼ਿਕਾਇਤ

ਬਠਿੰਡਾ (ਵੀਓਪੀ ਬਿਊਰੋ) – ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਇੱਕ ਹੈਰਾਨੀਜਨਕ ਅਰਦਾਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇੱਕ ਨਵਾਂ ਵਿਵਾਦ ਖੜ੍ਹਾ ਹੋਣ ਦੇ ਸੰਕੇਤ ਹਾਸਲ ਹੋਏ ਹਨ। ਇਹ ਅਰਦਾਸ ਪਿੰਡ ਬੀੜ ਤਲਾਬ ਨਿਵਾਸੀ ਗੁਰਮੇਲ ਸਿੰਘ ਖਾਲਸਾ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਪੂਰੇ ਕਰਨ ਲਈ ਕੀਤੀ ਹੈ। ਅਰਦਾਸ ਦੌਰਾਨ ਪਿੰਡ ਨਾਲ ਸਬੰਧਤ ਕਾਫੀ ਗਿਣਤੀ ਔਰਤਾਂ ਵੀ ਹਾਜ਼ਰ ਹੋਈਆਂ ਹਨ। ਗੁਰਮੇਲ ਸਿੰਘ ਖਾਲਸਾ ਖੁਦ ਨੂੰ ਤਿੰਨ ਪਿੰਡਾਂ ਦਾ ਸਰਪੰਚ ਦੱਸਦਾ ਹੈ। ਇਸ ਸਬੰਧ ’ਚ ਹਾਸਲ ਹੋਈ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਦੀ ਪਤਨੀ ਰਾਜਪਾਲ ਕੌਰ ਪਿੰਡ ਦੀ ਸਰਪੰਚ ਹੈ। ਉਸ ਨੇ ਦੱਸਿਆ ਕਿ ਅੱਜ ਅਸੀਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਦਾ ਜੋ ਸੁਪਨਾ ਲਿਆ ਹੈ, ਉਸ ਲਈ ਅਰਦਾਸ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਸੁਨਾਰੀਆ ਜੇਲ੍ਹ ’ਚ ਬੰਦ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਰਿਹਾਅ ਕਰਨ ਲਈ ਵੀ ਅਰਦਾਸ ਕੀਤੀ ਹੈ। ਉਸ ਨੇ ਆਖਿਆ ਕਿ ਮੋਦੀ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਅਤੇ ਉਸ ਨੂੰ ਫਸਾਇਆ ਗਿਆ ਹੈ। ਉਸ ਨੇ ਫਸਾਉਣ ਪਿੱਛੇ ਇੱਕ ਵੱਡੇ ਅਕਾਲੀ ਆਗੂ ਦਾ ਨਾਮ ਵੀ ਲਿਆ ਹੈ। ਉਸ ਨੇ ਆਖਿਆ ਕਿ ਇਹ ਅਰਦਾਸ ਕਿਸੇ ਦਬਾਅ ਹੇਠ ਨਹੀਂ ਕੀਤੀ ਬਲਕਿ ਖਾਲਸਾ ਕਿਸੇ ਤੋਂ ਡਰਦਾ ਨਹੀਂ ਹੈ। ਦੱਸਣਯੋਗ ਹੈ ਕਿ ਆਪਣੇ ਸਿਆਸੀ ਨਿਸ਼ਾਨਿਆਂ ਤਹਿਤ ਭਾਰਤੀ ਜੰਤਾ ਪਾਰਟੀ ਲੀਡਰਸ਼ਿੱਪ ਨੇ ਕਿਸੇ ਦਲਿਤ ਆਗੂ ਨੂੰ ਪੰਜਾਬ ’ਚ ਅਗਲੇ ਮੁੱਖ ਮੰਤਰੀ ਦਾ ਚਿਹਰਾ ਬਨਾਉਣ ਦੀ ਵਕਾਲਤ ਕੀਤੀ ਹੈ।

ਹੁਣ ਗ੍ਰੰਥੀ ਗੁਰਮੇਲ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਅੱਜ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਐੱਸਐੱਸਪੀ ਬਠਿੰਡਾ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ। ਸੀਨੀਅਰ ਵਕੀਲ ਖਾਰਾ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਹੈ। ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਡੇਰਾ ਪ੍ਰੇਮੀ ਹੁਣ ਸਿੱਧੇ ਤੌਰ ‘ਤੇ ਉੱਪਰ ਗੁਰਦੁਆਰਾ ਸਾਹਿਬਾਨਾਂ ਵਿਚ ਦਖਲਅੰਦਾਜ਼ੀ ਕਰ ਲੱਗੇ ਹਨ ਅਤੇ ਇਨ੍ਹਾਂ ਵੱਲੋਂ ਕਿਸੇ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਨੂੰ ਨੰਗਾ ਕਰਨ ਦੀ ਲੋੜ ਹੈ, ਜਿਨ੍ਹਾਂ ਵੱਲੋਂ ਏਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਜਲਦ ਹੀ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਤਾਂ ਜੋ ਦੋ ਫਿਰਕਿਆਂ ਵਿਚ ਵਧ ਰਹੇ ਤਣਾਅ ਨੂੰ ਰੋਕਿਆ ਜਾ ਸਕੇ।

error: Content is protected !!