ਸ੍ਰੀ ਚਮਕੌਰ ਸਾਹਿਬ ਦਾ ਪ੍ਰਸਾਸ਼ਨ ਸੁੱਤਾ ਕੁੰਭਕਰਨੀ ਨੀਂਦ, ਲੋਕਾਂ ਨੂੰ ਕਰਨਾ ਪੈ ਰਿਹਾ ਗੰਦਗੀ ਦਾ ਸਾਹਮਣਾ

ਸ੍ਰੀ ਚਮਕੌਰ ਸਾਹਿਬ ਦਾ ਪ੍ਰਸਾਸ਼ਨ ਸੁੱਤਾ ਕੁੰਭਕਰਨੀ ਨੀਂਦ, ਲੋਕਾਂ ਨੂੰ ਕਰਨਾ ਪੈ ਰਿਹਾ ਗੰਦਗੀ ਦਾ ਸਾਹਮਣਾ

ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਓਇੰਦ ) – ਸ੍ਰੀ ਚਮਕੌਰ ਸਾਹਿਬ ਵਿੱਚ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਅਤੇ ਚੌਂਕਾਂ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗ ਹੋਏ ਹਨ, ਜਿੱਥੇ ਕਈ ਬਿਮਾਰੀਆਂ ਫੈਲਣ ਦਾ ਡਰ ਵੀ ਮੰਡਰਾਅ ਰਿਹਾ ਹੈ। ਲੋਕਾਂ ਦਾ ਪ੍ਰਸਾਸ਼ਨ ਖ਼ਿਲਾਫ ਰੋਹ ਵਧਦਾ ਜਾ ਰਿਹਾ ਹੈ।

ਸੀਨੀਅਰ ਆਗੂ ਸਵਰਨ ਸਿੰਘ ਸੈਂਪਲਾ ਵਾਈਸ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਪੰਜਾਬ ਬਲਾਕ ਪ੍ਰਧਾਨ ਗੁਰਚਰਨ ਸਿੰਘ ਮਾਣੇਮਾਜਰਾ ਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਦਸ ਦਿਨਾਂ ਤੋਂ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਇਸ ਵਜ੍ਹਾ ਨਾਲ ਪੂਰੇ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਲੋਕਾਂ ਦੀ ਕੋਈ ਜਾਨ ਦੀ ਪਰਵਾਹ ਹੈ।

ਇਕ ਪਾਸੇ ਤਾਂ ਸਰਕਾਰਾਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਵੱਡੇ-ਵੱਡੇ ਉਪਚਾਰ ਕਰ ਰਹੀਆਂ ਹਨ। ਪਰ ਦੂਜੇ ਪਾਸੇ ਸ਼ਹਿਰ ਵਿਚ ਇਕੱਠੇ ਹੋਏ ਕੂੜੇ ਨਾ ਪ੍ਰਬੰਧ ਨਾ ਕਰਕੇ ਲੋਕਾਂ ਦੀ ਜਾਨ ਨੂੰ ਜ਼ੋਖ਼ਮ ਵਿਚ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਅਤੇ ਹੋਰ ਜ਼ਿਲ੍ਹਿਆਂ ਦੇ ਸਫ਼ਾਈ ਕਰਮਚਾਰੀਆਂ ਦੀ ਕੋਈ ਮੰਗ ਹੈ ਤਾਂ ਪੰਜਾਬ ਸਰਕਾਰ ਇਸ ਨੂੰ ਬੈਠ ਕੇ ਸੁਲਝਾ ਦੇਣਾ ਚਾਹੀਦਾ ਹੈ। ਜਿਸ ਕਰਕੇ ਲੋਕਾਂ ਦੀ ਪਰੇਸ਼ਾਨੀ ਦਾ ਹੱਲ ਹੋਣ ਦੀ ਵੀ ਸੰਭਾਵਨਾ ਹੈ।

ਬੀਤੀ ਰਾਤ ਕੁਝ ਲੋਕਾਂ ਦੁਆਰਾ ਮੋਰਿੰਡਾ ਤੋਂ ਬੇਲਾ ਮਾਰਗ ਉੱਤੇ ਲੱਗੇ ਹੋਏ ਕੂੜੇ ਦੇ ਢੇਰ ਨੂੰ ਅੱਗ ਲਾ ਦਿੱਤੀ ਗਈ। ਇਸ ਅੱਗ ਕਾਰਨ ਕੁਝ ਅਵਾਰਾ ਪਸ਼ੂਆਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਇਆ ਗਿਆ। ਪੱਤਰਕਾਰਾਂ ਦੁਆਰਾ ਜਦੋਂ ਸਬ ਡਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਐਸ ਡੀ ਐਮ ਇੰਦਰਪਾਲ ਸਿੰਘ ਅਤੇ ਨਗਰ ਪੰਚਾਇਤ ਦੇ ਈਓ ਰਜਨੀਸ਼ ਸੂਦ ਨਾਲ ਗੱਲ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਕਰਨ ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਸੋ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਫ਼ਾਈ ਕਰਮਚਾਰੀਆਂ ਦੀ ਸਮੱਸਿਆ ਦਾ ਹੱਲ ਕਰਨ ਦੇਣਾ ਚਾਹੀਦਾ ਹੈ ਤਾਂ ਜੋ ਗੰਦਗੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

Leave a Reply

Your email address will not be published. Required fields are marked *

error: Content is protected !!