ਜੀ.ਟੀ.ਯੂ ਦੇ ਸੱਦੇ ‘ਤੇ ਅਧਿਆਪਕਾਂ ਨੇ ਕਾਲੇ ਝੰਡੇ ਲਹਿਰਾ ਕੇ ਕੀਤਾ ਕਿਸਾਨੀ ਸੰਘਰਸ਼ ਦਾ ਸਮਰਥਨ

ਜੀ.ਟੀ.ਯੂ ਦੇ ਸੱਦੇ ‘ਤੇ ਅਧਿਆਪਕਾਂ ਨੇ ਕਾਲੇ ਝੰਡੇ ਲਹਿਰਾ ਕੇ ਕੀਤਾ ਕਿਸਾਨੀ ਸੰਘਰਸ਼ ਦਾ ਸਮਰਥਨ

ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ )- ਕਿਸਾਨੀ ਸੰਘਰਸ਼ ਦੇ ਦਿੱਲੀ ਵਿੱਚ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਅੱਜ ਦਿੱਤੇ ਰੋਸ ਦਿਵਸ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਸੱਦੇ ਉੱਤੇ ਅਧਿਆਪਕ ਵਰਗ ਨੇ ਭਰਵੀਂ ਸ਼ਮੂਲੀਅਤ ਕੀਤੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰੈੱਸ ਸਕੱਤਰ ਸਿਮਰਨਜੀਤ ਸਿੰਘ ਰੱਕੜ ਨੇ ਦੱਸਿਆ ਕਿ ਜਥੇਬੰਦੀ ਦੇ ਜਿ਼ਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸੀਨੀਅਰ ਆਗੂਆਂ ਧਰਮਿੰਦਰ ਸਿੰਘ ਭੰਗੂ , ਗੁਰਪ੍ਰੀਤ ਸਿੰਘ ਹੀਰਾ , ਕੁਲਵੀਰ ਸਿੰਘ ਕੰਧੋਲਾ , ਅਵਨੀਤ ਚੱਢਾ, ਗੁਰਚਰਨ ਆਲੋਵਾਲ ਆਦਿ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਧਿਆਪਕ ਵਰਗ ਨੇ ਘਰਾਂ ਦੀਆਂ ਛੱਤਾਂ ‘ਤੇ ਕਾਲੇ ਝੰਡੇ ਲਹਿਰਾ ਕੇ ਕਿਸਾਨ ਸੰਘਰਸ਼ ਦੇ ਸਮਰਥਨ ਦਾ ਐਲਾਨ ਕਰਦਿਆਂ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ ।

ਇਸ ਮੌਕੇ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਬੇਸ਼ੱਕ ਪੰਜਾਬ ਸਰਕਾਰ ਵੱਲ ਵੀ ਅਧਿਆਪਕ ਵਰਗ ਦੇ ਅਨੇਕਾਂ ਮਸਲੇ ਲੰਬਿਤ ਪਏ ਹਨ , ਪਰ ਮੌਜੂਦਾ ਹਾਲਾਤਾਂ ਅਨੁਸਾਰ ਜੀ ਟੀ ਯੂ ਨੇ ਕਿਸਾਨ ਸੰਘਰਸ਼ ਦੀ ਅਹਿਮੀਅਤ ਨੂੰ ਸਮਝਦਿਆਂ ਆਪਣੇ ਮਸਲੇ ਪਿੱਛੇ ਪਾ ਕੇ ਸਿੰਘੂ ਅਤੇ ਟਿੱਕਰੀ ਬਾਰਡਰਾਂ ਵਿਖੇ ਵੱਡੇ ਕਾਫਲਿਆਂ ਨਾਲ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਦੀ ਅਗਵਾਈ ਵਿੱਚ ਸ਼ਮੂਲੀਅਤ ਕਰਕੇ ਆਪਣਾ ਫਰਜ਼ ਨਿਭਾਇਆ ਹੈ ਅਤੇ ਇਹ ਸਮਰਥਨ ਭਵਿੱਖ ਵਿੱਚ ਵੀ ਜਾਰੀ ਰਹੇਗਾ । ਉਨ੍ਹਾਂ ਸਮੂਹ ਅਧਿਆਪਕਾਂ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ ।

error: Content is protected !!