ਬਠਿੰਡਾ ਬਲਾਤਕਾਰ ਮਾਮਲਾ : ਪੰਜਾਬ ਪੁਲਿਸ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਪਈ ਝਾੜ

ਬਠਿੰਡਾ ਬਲਾਤਕਾਰ ਮਾਮਲਾ : ਪੰਜਾਬ ਪੁਲਿਸ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਪਈ ਝਾੜ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਠਿੰਡਾ ਦੇ ਹਾਲੀਆ ਬਹੁਚਰਚਿਤ ਬਲਾਤਕਾਰ ਕਾਂਡ ਦੀ ਸੁਣਵਾਈ ਕਰਦਿਆਂ ਪੰਜਾਬ ਪੁਲਿਸ ਨੂੰ ਝਾੜ ਪਾਈ। ਅਦਾਲਤ ਨੇ ਕਿਹਾ ਕਿ ਹੁਣ ਵਾੜ ਹੀ ਖੇਤ ਨੂੰ ਖਾ ਰਹੀ ਹੈ। ਇਹ ਮਾਮਲਾ ਇੱਕ ਵਿਧਵਾ ਦੇ ਕੋਵਿਡ-ਪ੍ਰਭਾਵਿਤ ਪੁੱਤਰ ਦਾ ਹੈ, ਜਿਸ ਨੂੰ ਕਥਿਤ ਤੌਰ ਉੱਤੇ ਨਸ਼ਿਆਂ ਦੇ ਝੂਠੇ ਮਾਮਲੇ ਵਿੱਚ ਸਿਰਫ਼ ਇਸ ਲਈ ਫਸਾ ਦਿੱਤਾ ਗਿਆ ਸੀ ਕਿਉਂਕਿ ਉਸ ਦੀ ਵਿਧਵਾ ਮਾਂ ਨੇ ਪੁਲਿਸ ਅਧਿਕਾਰੀਆਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਅਦਾਲਤ ਨੇ ਇਸ ਲਈ ਵੀ ਪੰਜਾਬ ਪੁਲਿਸ ਦੀ ‘ਕਲਾਸ’ ਲਾਈ ਕਿਉਂਕਿ ਇੱਕ ਵਿਧਵਾ ਦੇ ਰੇਪ ਮਾਮਲੇ ਦੀ ਜਾਂਚ ਕਰਨ ਲਈ ਜਿਹੜੀ ਟੀਮ ਦਾ ਗਠਨ ਕੀਤਾ ਗਿਆ, ਉਸ ਦੇ ਸਾਰੇ ਮੈਂਬਰ ਮਰਦ ਹਨ; ਉਸ ਵਿੱਚ ਕਿਸੇ ਵੀ ਔਰਤ ਅਧਿਕਾਰੀ ਨੂੰ ਨਹੀਂ ਰੱਖਿਆ ਗਿਆ, ਜੋ ਪੀੜਤ ਔਰਤ ਤੋਂ ਪੁੱਛਗਿੱਛ ਕਰ ਸਕੇ।

ਜਸਟਿਸ ਅਰੁਣ ਮੋਂਗਾ ਨੇ ਇਹ ਵੀ ਹਦਾਇਤ ਜਾਰੀ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਨਵੀਂ ਟੀਮ ਦੀ ਅਗਵਾਈ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਕਰਨਗੇ। ਉਹ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਡੀ. ਸੁਦਾਰਵਿਜ਼ੀ ਤੇ ਬੁਢਲਾਡਾ ਦੇ ਡੀਐਸਪੀ ਪ੍ਰਭਜੋਤ ਕੌਰ ਨਾਲ ਮਿਲ ਕੇ ਜਾਂਚ ਕਰਨਗੇ।

ਜਸਟਿਸ ਮੋਂਗਾ ਦੀ ਅਦਾਲਤ ਵਿੱਚ ਇਹ ਮਾਮਲਾ ਪੀੜਤ ਔਰਤ ਨੇ ਸੁਣਵਾਈ ਲਈ ਲਿਆਂਦਾ ਹੈ। ਪੀੜਤ ਔਰਤ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਹੁਣ ਉਨ੍ਹਾਂ ਉੱਤੇ ਹਮਲਾ ਹੋਣ ਤੇ ਸਬੂਤਾਂ ਨੂੰ ਖ਼ਤਮ ਕੀਤੇ ਜਾਣ ਦਾ ਖ਼ਦਸ਼ਾ ਹੈ। ਜਸਟਿਸ ਮੋਂਗਾ ਨੇ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਹੀ ਤੱਥ ਤੇ ਦੋਸ਼ ਬਹੁਤ ਡਰਾਉਣੇ ਤੇ ਹਿਲਾ ਕੇ ਰੱਖ ਦੇਣ ਵਾਲੇ ਹਨ।

ਉਂਝ ਪੰਜਾਬ ਸਰਕਾਰ ਦੇ ਵਕੀਲ ਨੇ ਅਦਾਲਤ ਸਾਹਮਣੇ ਇਹ ਦਾਅਵਾ ਕੀਤਾ ਕਿ ਪਟੀਸ਼ਨਰ ਨੇ ਜਾਣਬੁੱਝ ਕੇ ਪੁਲਿਸ ਇੰਸਪੈਕਟਰ ਨੂੰ ਆਪਣੇ ਜਾਲ ’ਚ ਫਸਾਇਆ ਹੈ ਪਰ ਜਸਟਿਸ ਮੋਂਗਾ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਜੋ ਕੁਝ ਵੀ ਗ਼ਲਤ ਹੋ ਰਿਹਾ ਹੈ, ਉਹ ਸਭ ਇਸ ਮਾਮਲੇ ਤੋਂ ਜੱਗ ਜ਼ਾਹਿਰ ਹੋ ਗਿਆ ਹੈ। ਜਸਟਿਸ ਮੋਂਗਾ ਨੇ ਇਹ ਵੀ ਕਿਹਾ ਕਿ ਕਾਨੂੰਨ ਦੇ ਰਾਖੇ ਹੀ ਹੁਣ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਤੇ ਉਨ੍ਹਾਂ ਨੇ ਆਪਣੀ ਵਾਸਨਾ ਦੀ ਅੰਗ ਵਿੱਚ 38 ਸਾਲਾਂ ਦੀ ਇੱਕ ਵਿਧਵਾ ਤੱਕ ਨੂੰ ਲਪੇਟ ਲਿਆ। ਉਸ ਦੇ ਪੁੱਤਰ ਵਿਰੁੱਧ ਦਰਜ ਕੀਤੀ ਗਈ ਐਫ਼ਆਈਆਰ ਬਿਲਕੁਲ ਜਾਅਲੀ ਹੈ।

error: Content is protected !!