ਸਮਸ਼ੇਰ ਹਸਪਤਾਲ ਖਿਲਾਫ਼ ਕੇਸ ਦਰਜ ਕੀਤਾ ਜਾਵੇ – ਡਿਪਟੀ ਕਮਿਸ਼ਨਰ

ਸਮਸ਼ੇਰ ਹਸਪਤਾਲ ਖਿਲਾਫ਼ ਕੇਸ ਦਰਜ ਕੀਤਾ ਜਾਵੇ – ਡਿਪਟੀ ਕਮਿਸ਼ਨਰ

ਜਲੰਧਰ (ਵੀਓਪੀ ਬਿਊਰੋ) ਇਲਾਜ ਵਿੱਚ ਅਣਗਹਿਲੀ ਅਤੇ ਵਾਧੂ ਚਾਰਜ ਵਸੂਲਣ ਵਾਲੇ ਹਸਪਤਾਲਾਂ ਦੁਆਲੇ ਹੋਰ ਸਿਕੰਜ਼ਾ ਕਸਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅਜਿਹੇ ਹਸਪਤਾਲਾਂ ਵਿਰੁੱਧ ਐਫ.ਆਈ.ਆਰ.ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਪੁਲਿਸ ਕਮਿਸ਼ਨਰ ਜਲੰਧਰ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਢਲੇ ਤੌਰ ਲਗਦਾ ਹੈ ਕਿ ਇਸ ਕੇਸ ਦੀ ਪੁਲਿਸ ਵਿਭਾਗ ਵਲੋਂ ਪੜਤਾਲ ਕੀਤੀ ਜਾਣੀ ਬਣਦੀ ਹੈ ਅਤੇ ਜੇਕਰ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਕਨੂੰਨ ਅਨੁਸਾਰ ਸਮਸ਼ੇਰ ਹਸਪਤਾਲ ਦੇ ਖਿਲਾਫ਼ ਬਣਦਾ ਕੇਸ ਦਰਜ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ  ਵਲੋਂ 18 ਮਈ ਨੂੰ ਸਿਹਤ ਅਧਿਕਾਰੀਆਂ ਵਲੋਂ ਕੋਵਿਡ ਦੇ ਇਲਾਜ ਵਿੱਚ ਖਾਮੀਆ ਪਾਏ ਜਾਣ ਤੇ ਵਾਧੂ ਚਾਰਜ ਵਸੂਲਣ ਸਬੰਧੀ ਪੇਸ਼ ਕੀਤੀ ਗਈ ਰਿਪੋਰਟ ਦੇ ਅਧਾਰ ’ਤੇ ਇਸ ਹਸਪਤਾਲ ਵਿਖੇ ਕੋਵਿਡ ਦੀ ਲੈਵਲ-2 ਸਹੂਲਤ (ਨਵੇਂ ਮਰੀਜ਼ਾਂ ਦੇ ਦਾਖਲੇ) ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਮਰੀਜ਼ ਨੂੰ ਬਿਮਾਰ ਹੋਣ ’ਤੇ ਇਲਾਜ ਲਈ ਸਮਸ਼ੇਰ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਨੂੰ ਬਿਨਾਂ ਆਰਟੀ-ਪੀਸੀਆਰ ਟੈਸਟ ਦੇ ਲੈਵਲ-2 ਕੋਵਿਡ ਕੇਅਰ ਵਾਰਡ ਵਿੱਚ ਦਾਖਲ ਕਰ ਲਿਆ ਗਿਆ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਹਸਪਤਾਲ ਵਲੋਂ ਵੱਡੀ ਅਣਗਹਿਲੀ ਕਰਦਿਆਂ ਮਰੀਜ਼ ਦਾ ਕੋਵਿਡ ਸੈਂਟਰ ਵਿਖੇ ਲੈਵਲ-2 ਦਾ ਇਲਾਜ ਕਰਨ ਦੀ ਬਜਾਏ ਲੈਵਲ-3 ਦਾ ਇਲਾਜ ਕੀਤਾ ਗਿਆ ਜਿਸ ਲਈ ਹਸਪਤਾਲ ਯੋਗ ਨਹੀਂ ਸੀ,ਜਿਸ ਨਾਲ ਮਰੀਜ਼ ਦੀ ਜਿੰਦਗੀ ਨੂੰ ਵੱਡਾ ਖ਼ਤਰਾ ਪੈਦਾ  ਹੋ ਗਿਆ। ਸ਼ਿਕਾਇਤਾ ਕਰਤਾ ਵਲੋਂ ਦਵਾਈਆਂ ਅਤੇ ਟੀਕਿਆਂ ਦੇ ਵਾਧੂ ਚਾਰਜ ਵਸੂਲਣ ਸਬੰਧੀ ਵੀ ਦੋਸ਼ ਲਗਾਏ ਗਏ।

ਕਮੇਟੀ ਵਲੋਂ ਆਪਣੀ ਮੁੱਢਲੀ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਹਸਪਤਾਲ ਵਲੋਂ ਦਵਾਈਆਂ ਜਾਰੀ ਕਰਨ ਅਤੇ ਲਗਾਉਣ ਵਿੱਚ ਫ਼ਰਕ ਹੈ, ਮਰੀਜ਼ ਦੇ ਇਲਾਜ ਵਿੱਚ ਮਿਆਦ ਖਤਮ ਹੋਈਆਂ ਦਵਾਈਆਂ ਦੀ ਵਰਤੋਂ ਕੀਤੀ ਗਈ ਅਤੇ ਹਸਪਤਾਲ ਵਲੋਂ ਮਰੀਜ਼ ਦਾ ਕੋਵਿਡ ਟੈਸਟ ਉਸ ਲੈਬਾਰਟਰੀ ਤੋਂ ਕਰਵਾਇਆ ਗਿਆ ਜੋ ਇਹ ਟੈਸਟ ਕਰਨ ਦੇ ਯੋਗ ਨਹੀਂ ਸੀ। ਇਸ ਉਪਰੰਤ ਕਮੇਟੀ ਦੀ ਰਿਪੋਰਟ ਦੇ ਅਧਾਰ ’ਤੇ ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਹਸਪਤਾਲ ਦੇ ਖਿਲਾਫ਼ ਐਫ.ਆਈ.ਆਰ.ਦਰਜ ਕਰਨ ਦੀ ਸ਼ਿਫਾਰਸ਼ ਕੀਤੀ ਗਈ ਸੀ।

Leave a Reply

Your email address will not be published. Required fields are marked *

error: Content is protected !!