ਅੱਜ ਹਾਈਕਮਾਨ ਸੁਣੇਗੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਦੁੱਖ, ਸਿੱਧੂ ‘ਤੇ ਰਹਿਣਗੀਆਂ ਨਜ਼ਰਾਂ

ਅੱਜ ਹਾਈਕਮਾਨ ਸੁਣੇਗੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਦੁੱਖ, ਸਿੱਧੂ ‘ਤੇ ਰਹਿਣਗੀਆਂ ਨਜ਼ਰਾਂ

ਚੰਡੀਗੜ੍ਹ – ਪੰਜਾਬ ਕਾਂਗਰਸ ਵਿਚ ਪਿਛਲੇ 2 ਮਹੀਨਿਆਂ ਤੋਂ ਘਮਸਾਣ ਜਾਰੀ ਹੈ। 8 ਮੰਤਰੀ ਤੇ 17 ਵਿਧਾਇਕ ਆਪਣੀ ਸਰਕਾਰ ਖਿਲਾਫ ਹੀ ਮੋਰਚਾ ਖੋਲ੍ਹੀ ਬੈਠੇ ਹਨ। ਇਹ ਸਾਰੇ ਮੰਤਰੀ ਤੇ ਵਿਧਾਇਕ ਦਿੱਲੀ ਤਲਬ ਹੋ ਗਏ ਹਨ। ਦਿੱਲੀ ਕਾਂਗਰਸ ਦੀ ਹਾਈਕਮਾਨ ਇਸ ਮਸਲੇ ਦਾ ਹੱਲ ਕਰੇਗੀ। ਇਸ ਮਸਲੇ ਨੂੰ ਸੁਲਝਾਉਣ ਲਈ ਤਿੰਨ ਮੈਂਬਰੀ ਕਮੇਟੀ ਬਣੀ ਹੈ। ਪਹਿਲਾਂ ਤਾਂ ਹਰੀਸ਼ ਰਾਵਤ ਨੇ ਕਿਹਾ ਸੀ ਕਿ ਜੂਨ ਦੇ ਪਹਿਲੇ ਹਫ਼ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਵੇਗਾ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੋਮਵਾਰ ਜਾਨੀ ਅੱਜ ਤੋਂ ਹੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੀਟਿੰਗਾਂ ਹੋਣਗੀਆਂ।

ਸੂਤਰਾਂ ਨੇ ਦੱਸਿਆ ਕਿ ਨਵਜੋਤ ਸਿੱਧੂ ਮੰਗਲਵਾਰ ਤੇ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਕਮੇਟੀ ਸਾਹਮਣੇ ਪੇਸ਼ ਹੋ ਸਕਦੀ ਹੈ। ਅੱਜ ਮੀਟਿੰਗ ’ਚ ਸ਼ਾਮਲ ਹੋਣ ਵਾਲੇ 26 ਵਿਧਾਇਕਾਂ ’ਚ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹੋਣਗੇ। ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਬਣਿਆ ਰੇੜਕਾ ਸੁਲਝਾਉਣ ਲਈ ਕਾਂਗਰਸ ਨੇ ਮਲਿਕਾਰਜੁਨ ਖੜਗੇ, ਹਰੀਸ਼ ਰਾਵਤ ਤੇ ਜੇਪੀ ਅਗਰਵਾਲ ’ਤੇ ਆਧਾਰਿਤ ਕਮੇਟੀ ਬਣਾਈ ਹੈ। ਹਰੀਸ਼ ਰਾਵਤ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਵੀ ਹਨ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਹਾਈ ਕਮਾਂਡ ਦੇ ਦਖਲ ਦੀ ਉਡੀਕ ਕਰ ਰਹੇ ਸਨ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਕੇ ਦਿਖਾਉਣ। ਉੱਧਰ ਬਾਗੀ ਧੜੇ ਦਾ ਕਹਿਣਾ ਹੈ ਕਿ ਇਹ ਸਮਾਂ ਖਰਾਬ ਕਰਨ ਵਾਲੀ ਗੱਲ ਹੈ ਕਿਉਂਕਿ ਇਸ ’ਚੋਂ ਨਿਕਲਣਾ ਕੁਝ ਵੀ ਨਹੀਂ ਅਤੇ ਕਾਂਗਰਸ ਕਮੇਟੀ ਮੁੱਖ ਮੰਤਰੀ ਦਾ ਚਿਹਰਾ ਬਦਲਣ ਦਾ ਜੋਖਮ ਨਹੀਂ ਲਵੇਗੀ। ਕਾਂਗਰਸ ਨੂੰ ਵਿਚਾਲੜਾ ਰਾਹ ਲੱਭਣਾ ਪਵੇਗਾ ਕਿਉਂਕਿ ਪਾਰਟੀ ਦੇ 20 ਵਿਧਾਇਕਾਂ ਨੇ ਮੁੱਖ ਮੰਤਰੀ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਤੋਂ ਨਾਖੁਸ਼ੀ ਜ਼ਾਹਿਰ ਕੀਤੀ ਹੈ। ਉੱਧਰ ਮੁੱਖ ਮੰਤਰੀ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਨਵਜੋਤ ਸਿੱਧੂ ਨੇ ਕਿਹਾ, ‘ਕੋਈ ਅਜਿਹੀ ਮੀਟਿੰਗ ਦਾ ਖੁਲਾਸਾ ਕਰੋ ਜੋ ਮੈਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਕੀਤੀ ਹੋਵੇ। ਮੈਂ ਕਦੀ ਕਿਸੇ ਤੋਂ ਕੋਈ ਅਹੁਦਾ ਨਹੀਂ ਮੰਗਿਆ।

ਮੈਂ ਹਮੇਸ਼ਾ ਪੰਜਾਬ ਦਾ ਭਲਾ ਮੰਗਿਆ ਹੈ ਤੇ ਇਸ ਲਈ ਕਈ ਅਹੁਦੇ ਛੱਡੇ ਹਨ ਪਰ ਮੰਗਿਆ ਕੋਈ ਨਹੀਂ। ਹੁਣ ਹਾਈ ਕਮਾਂਡ ਨੇ ਦਖਲ ਦਿੱਤਾ ਹੈ। ਉਡੀਕ ਕਰਦੇ ਹਾਂ।’ ਇਸ ਬਾਰੇ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਇਹ ਸਿਰਫ਼ ਦੋਵਾਂ ਆਗੂਆਂ ਵਿਚਾਲੇ ਗਲਤਫਹਿਮੀ ਦਾ ਮਸਲਾ ਹੈ ਤੇ ਇਸ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਪਾਰਟੀ ਤੇ ਸਰਕਾਰ ਨੂੰ ਮਜ਼ਬੂਤ ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਯਕੀਨੀ ਬਣਾਉਣਾ ਹੈ।

error: Content is protected !!