‘ਦਲਿਤ ਵਿਦਿਆਰਥੀਆਂ ਦੇ ਅੱਖੀਂ ਘੱਟਾ ਪਾਉਣ ਵਾਲੇ ਮਨਪ੍ਰੀਤ ਬਾਦਲ ਤੇ ਸਾਧੂ ਸਿੰਘ ਧਰਮਸੋਤ ‘ਤੇ ਪਰਚਾ ਦਰਜ ਕਰੇ ਸਰਕਾਰ’

‘ਦਲਿਤ ਵਿਦਿਆਰਥੀਆਂ ਦੇ ਅੱਖੀਂ ਘੱਟਾ ਪਾਉਣ ਵਾਲੇ ਮਨਪ੍ਰੀਤ ਬਾਦਲ ਤੇ ਸਾਧੂ ਸਿੰਘ ਧਰਮਸੋਤ ‘ਤੇ ਪਰਚਾ ਦਰਜ ਕਰੇ ਸਰਕਾਰ’

ਜਲੰਧਰ (ਵੀਓਪੀ ਬਿਊਰੋ) – ਆਮ ਆਦਮੀ ਪਾਰਟੀ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ’ਤੇ ਅਨੁਸ਼ੂਚਿਤ ਜਾਤੀਆਂ ਨਾਲ ਸੰਬੰਧਤ ਦੋ ਲੱਖ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਕਮ ਹੜੱਪਣ ਦਾ ਦੋਸ਼ ਲਾਉਂਦਿਆਂ ਪੰਜਾਬ ਪੁਲੀਸ ਮੁੱਖੀ ਤੋਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜਿਕ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਐਸ.ਸੀ, ਐਸ.ਟੀ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਵਜ਼ੀਫ਼ੇ ਦੀ ਰਕਮ ਜਾਰੀ ਕਰਨ ਚੇਤਾਵਨੀ ਵੀ ਦਿੱਤੀ ਹੈ।

ਇਸ ਮਾਮਲੇ ਸੰਬੰਧੀ ਜਲੰਧਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਐਸ.ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਵਿੱਚ ਕੀਤੇ ਘੁਟਾਲੇ ਦੀ ਜਾਂਚ ਕਰਵਾਈ ਜਾਵੇਗੀ, ਪਰ ਕੈਪਟਨ ਸਰਕਾਰ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਆਗੂਆਂ ਨੇ ਸੱਤਾ ਵਿੱਚ ਆ ਕੇ ਐਸ.ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਕਮ ਹੋਰਨਾਂ ਕੰਮਾਂ ’ਤੇ ਖ਼ਰਚ ਕਰਕੇ ਇੱਕ ਵੱਡਾ ਘੁਟਾਲਾ ਕੀਤਾ ਹੈ, ਜਿਸ ਕਾਰਨ ਅੱਜ ਪੰਜਾਬ ’ਚ ਦੋ ਲੱਖ ਐਸ.ਸੀ ਵਿਦਿਆਰਥੀਆਂ ਦਾ ਜੀਵਨ ਬਰਬਾਦ ਕਰਕੇ ਰੱਖ ਦਿੱਤਾ ਹੈ।

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਘੁਟਾਲੇ ਸਬੰਧੀ ਉਨ੍ਹਾਂ ਪੰਜਾਬ ਪੁਲੀਸ ਦੇ ਮੁੱਖੀ ਨੂੰ ਪੱਤਰ ਲਿਖ ਕੇ ਕੈਬਨਿਟ ਮਨਪ੍ਰੀਤ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਐਸ.ਸੀ, ਐਸ.ਟੀ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਘੁਟਾਲਾ ਕਰਕੇ ਵਜ਼ੀਫੇ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵੱਲੋਂ ਲਗਭਗ ਦੋ ਲੱਖ ਤੋਂ ਵੱਧ ਦਲਿਤ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲਏ ਗਏ ਹਨ। ਚੀਮਾ ਨੇ ਕਿਹਾ ਵਜ਼ੀਫ਼ਾ ਰਕਮ ਨਾ ਮਿਲਣ ਕਾਰਨ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਇਹ ਵਿਦਿਆਰਥੀ ਆਪਣੀ ਡਿਗਰੀ ਪ੍ਰਾਪਤ ਕਰਨ ਤੋਂ ਇਸੇ ਲਈ ਵਾਂਝੇ ਰਹਿ ਗਏ ਕਿ ਉਹ ਦਲਿਤ ਵਰਗ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਐਸ.ਸੀ ਵਰਗ ਦੇ ਵਿਦਿਆਰਥੀਆਂ ਤੋਂ ਸਿੱਖਿਆ ਪ੍ਰਾਪਤੀ ਦਾ ਹੱਕ ਖੋਹਣ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਅਤਿ ਜ਼ਰੂਰੀ ਹੈ। ਦਲਿਤ ਬੱਚੇ ਪਹਿਲਾਂ ਹੀ ਅਨੇਕਾਂ ਮੁਸੀਬਤਾਂ ਸਹਿ ਕੇ ਉਚੇਰੀ ਸਿੱਖਿਆ ਤਕ ਪਹੁੰਚਦੇ ਹਨ, ਪ੍ਰੰਤੂ ਅਜਿਹੇ ਹਾਲਾਤਾਂ ਵਿੱਚ ਮੰਤਰੀਆਂ ਦੇ ਘੁਟਾਲਿਆਂ ਕਾਰਨ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਜਾਣਾ ਅਤਿ ਚਿੰਤਾਜਨਕ ਅਤੇ ਨਿੰਦਣਯੋਗ ਹੈ।

ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੰਬੇ ਸਮੇਂ ਤੋਂ ਇਸ ਮੁੱਦੇ ਸਬੰਧੀ ਵਾਰ-ਵਾਰ ਆਵਾਜ਼ ਚੁੱਕੀ ਗਈ ਹੈ, ਪ੍ਰੰਤੂ ਦਲਿਤ ਵਿਦਿਆਰਥੀਆਂ ਨੂੰ ਲੁੱਟਣ ਵਾਲੇ ਮੰਤਰੀਆਂ ਖ਼ਿਲਾਫ਼ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਕਾਰਜਾਂ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਤੇ ਉਹਨਾਂ ਨੂੰ ਦਲਿਤ ਵਿਦਿਆਰਥੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਚੀਮਾ ਨੇ ਪੰਜਾਬ ਪੁਲੀਸ ਦੇ ਮੁੱਖੀ ਤੋਂ ਮੰਗ ਕੀਤੀ ਹੈ ਕਿ ਇਸ ਘੁਟਾਲੇ ਵਿੱਚ ਸ਼ਾਮਲ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਦਲਿਤ ਬੱਚਿਆਂ ਦੇ ਹੱਕ ਮਾਰਨ ਅਤੇ ਉਨ੍ਹਾਂ ਦਾ ਭਵਿੱਖ ਖ਼ਰਾਬ ਕਰਨ ਦੇ ਦੋਸ਼ ਤਹਿਤ ਐੱਸ.ਸੀ/ਐੱਸ.ਟੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਵਿਧਾਇਕ ਬਲਦੇਵ ਸਿੰਘ ਜੈਤੋਂ, ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ, ਲਾਲ ਚੰਦ ਕਟਰੂਚੱਕ, ਡਾ. ਸ਼ਿਵ ਦਿਆਲ ਮਲੀ, ਸੁਰਿੰਦਰ ਸੋਢੀ, ਹਰਮਿੰਦਰ ਬਖ਼ਸ਼ੀ, ਦਰਸ਼ਨ ਲਾਲ ਭਗਤ, ਪ੍ਰਿੰਸੀਪਲ ਪ੍ਰੇਮ ਕੁਮਾਰ,ਜਸਵੀਰ ਜਾਲਾਲਪੁਰੀ,ਬਲਵੰਤ ਭਾਟੀਆ,ਹਰਚਰਨ ਸਿੰਘ ਸੰਧੂ,ਸੁਭਾਸ਼ ਸ਼ਰਮਾ ਵੀ ਹਾਜ਼ਰ ਸਨ।

error: Content is protected !!