ਮਨਜਿੰਦਰ ਸਿੰਘ ਸਿਰਸਾ ਨੇ 125 ਬੈਡਾਂ ਦਾ ਹਸਤਪਾਲ ਬਣਾਉਣ ਦੀ ਤਿਆਰੀ ਦਾ ਲਿਆ ਜਾਇਜ਼ਾ

ਮਨਜਿੰਦਰ ਸਿੰਘ ਸਿਰਸਾ ਨੇ 125 ਬੈਡਾਂ ਦਾ ਹਸਤਪਾਲ ਬਣਾਉਣ ਦੀ ਤਿਆਰੀ ਦਾ ਲਿਆ ਜਾਇਜ਼ਾ

ਨਿਸ਼ਚਿਤ ਸਮੇਂ ਵਿਚ ਹਸਪਤਾਲ ਬਣਾ ਕੇ ਸੰਗਤ ਦੀ ਸੇਵਾ ਕਰਾਂਗੇ : ਸਿਰਸਾ

ਨਵੀਂ ਦਿੱਲੀ, 18 ਜੂਨ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਬਾਲਾ ਸਾਹਿਬ ਹਸਪਤਾਲ ਕੰਪਲੈਕਸ ਵਿਚ ਬਣਾ ਜਾ ਰਹੇ 125 ਬੈਡਾਂ ਦੇ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ।

 

ਇਸ ਮੌਕੇ ਸਰਦਾਰ ਸਿਰਸਾ ਨੇ ਹਸਪਤਾਲ ਦਾ ਨਿਰਮਾਣ ਨਿਸ਼ਚਿਤ 60 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਤੇ ਕੰਮ ਕਰ ਰਹੇ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਨੇ ਇਸ ਮੌਕੇ ਸਟਾਫ ਨੂੰ ਚੇਤੇ ਕਰਵਾਇਆ ਕਿ ਅਸੀਂ ਸੰਗਤ ਨਾਲ ਜੋ ਵਾਅਦਾ ਕੀਤਾ ਹੈ, ਉਸ ਅਨੁਸਾਰ ਇਹ ਹਸਪਤਾਲ 60 ਦਿਨਾਂ ਦੇ ਅੰਦਰ ਅੰਦਰ ਤਿਆਰ ਕੀਤਾ ਜਾਣਾ ਜ਼ਰੂਰੀ ਹੈ।

 

ਸਰਦਾਰ ਸਿਰਸਾ ਨੇ ਦੱਸਿਆ ਕਿ ਮਾਹਿਰਾਂ ਵੱਲੋਂ ਦਿੱਤੀ ਸਲਾਹ ਅਨੁਸਾਰ ਕੋਰੋਨਾ ਦੇ ਤੀਜੀ ਲਹਿਰ ਨੂੰ ਵੇਖਦਿਆਂ ਇਹ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਤਾਂਜੋ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ। ਉਹਨਾਂ ਦੱਸਿਆ ਕਿ ਕਿਉਂਕਿ ਮਾਹਿਰਾਂ ਨੇ ਇਹ ਰਾਇ ਦਿੱਤੀ ਹੈ ਕਿ ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਸਭ ਤੋਂ ਵੱਧ ਖ਼ਤਰਾ ਹੋ ਸਕਦਾ ਹੈ, ਇਸ ਲਈ ਬੱਚਿਆਂ ਵਾਸਤੇ ਵਿਸ਼ੇਸ਼ ਵਾਰਡ ਸਥਾਪਿਤ ਕੀਤੇ ਜਾ ਰਹੇ ਹਨ।

 

ਉਹਨਾਂ ਕਿਹਾ ਕਿ ਹਸਪਤਾਲ ਵਿਚ ਅਤਿ ਆਧੁਨਿਕ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਤੇਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਆਸ਼ੀਰਵਾਦ ਸਦਕਾ ਇਹ ਹਸਪਤਾਲ ਤੈਅ ਕੀਤੇ ਸਮੇਂ ਅੰਦਰ ਮੁਕੰਮਲ ਹੋ ਜਾਵੇਗਾ।

 

ਉਹਨਾਂ ਦੱਸਿਆ ਕਿ ਹਸਪਤਾਲ ਵਿਚ ਹੋਰ ਸਹੂਲਤਾਂ ਤੋਂ ਇਲਾਵਾ ਟੈਸਟ ਸਹੂਲਤਾਂ ਵੀ ਹੋਣਗੀਆਂ ਤਾਂ ਜੋ ਮਰੀਜ਼ਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇਗਾ। ਉਹਨਾਂ ਕਿਹਾ ਕਿ ਜਿਸ ਤਰੀਕੇ ਅਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਅੰਦਰ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸਿਰਫ 12 ਦਿਨਾਂ ਦੇ ਅੰਦਰ ਅੰਦਰ ਤਿਆਰ ਕਰ ਕੇ ਸੰਗਤ ਨੂੰ ਸਮਰਪਿਤ ਕੀਤਾ ਹੈ, ਉਸੇ ਤਰੀਕੇ ਇਹ ਹਸਪਤਾਲ 60 ਦਿਨਾਂ ਦੇ ਅੰਦਰ ਅੰਦਰ ਤਿਆਰ ਕਰ ਕੇ ਸੰਗਤ ਨੂੰ ਸਮਰਪਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਵੇਲੇ ਮਨੁੱਖੀ ਜਾਨਾਂ ਬਚਾਉਣਾ ਸਭ ਤੋਂ ਜ਼ਰੂਰੀ ਹੈ ਤੇ ਇਹ ਜਾਨਾਂ ਸੋਨੇ ਚਾਂਦੀ ਤੋਂ ਵੀ ਕਿਤੇ ਕੀਮਤੀ ਹਨ।

error: Content is protected !!