ਜ਼ੀਰਕਪੁਰ (ਵੀਓਪੀ ਬਿਊਰੋ) ਸਥਾਨਕ ਹਲਕੇ ਦੇ ਢਕੌਲੀ ਰੇਲਵੇ ਫਾਟਕ ਨੇਡ਼ੇ ਇਕ ਟਰੱਕ ਚਾਲਕ ਨੇ 16 ਸਾਲ ਦੀ ਲੜਕੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਲੜਕੀ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਦੀ ਇਕ ਬਾਂਹ ਤੇ ਇਕ ਲੱਤ ਕੁਚਲੀ ਗਈ। ਇਸ ਦੌਰਾਨ ਗੁੱਸੇ ਵਿਚ ਆਏ ਸਥਾਨਕ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਸ਼ਿਆਮ ਸੁੰਦਰ ਸੀ ਤੇ ਉਹ ਹਿਮਾਚਲ ਪ੍ਰਦੇਸ਼ ਦੇ ਨਾਲਾਗਡ਼੍ਹ ਦਾ ਰਹਿਣ ਵਾਲਾ ਸੀ। ਹਾਲਾਂਕਿ ਮੁੱਢਲੀ ਜਾਂਚ ਦੌਰਾਨ ਅਜੇ ਪੁਲਿਸ ਨੇ ਕਿਹਾ ਹੈ ਕਿ ਮ੍ਰਿਤਕ ਕਿਸੇ ਬਿਮਾਰੀ ਨਾਲ ਪੀੜਤ ਸੀ ਅਤੇ ਉਸ ਦੇ ਮੂੰਹ ਵਿੱਚੋਂ ਵੀ ਝੱਗ ਆ ਰਹੀ ਸੀ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਢਕੌਲੀ ਥਾਣੇ ਦੇ ਐੱਸਐੱਚਓ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਰਾਇਵਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਹ ਟਰੱਕ ’ਤੇ ਕਾਬੂ ਨਹੀਂ ਰੱਖ ਸਕਿਆ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਡਰਾਈਵਰ ਅਤੇ ਟਰੱਕ ਦੀ ਲਪੇਟ ’ਚ ਆਉਣ ਵਾਲੀ 16 ਸਾਲਾ ਲਡ਼ਕੀ ਆਰਤੀ ਢਕੋਲੀ ਸਰਕਾਰੀ ਸਕੂਲ ’ਚ 9ਵੀਂ ਜਮਾਤ ਦੀ ਵਿਦਿਆਰਥਣ ਹੈ ਨੂੰ ਹਸਪਤਾਲ ਪਹੁੰਚਾਇਆ ਗਿਆ। ਲਡ਼ਕੀ ਦੀ ਇਕ ਲੱਤ ਅਤੇ ਇਕ ਹੱਥ ਟਾਇਰ ਹੇਠਾਂ ਆਉਣ ਕਰਕੇ ਬੁਰੀ ਤਰ੍ਹਾਂ ਨਾਲ ਦਰਡ਼ੇ ਗਏ ਜਿਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਚੰਡੀਗਡ਼੍ਹ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਦੌਰਾਨ ਮੌਕੇ ’ਤੇ ਵੱਡੀ ਭੀਡ਼ ਇਕੱਠੀ ਹੋ ਗਈ। ਪੁਲਿਸ ਨੇ ਆ ਕੇ ਲੋਕਾਂ ਨੂੰ ਹਟਾਇਆ, ਟਰੱਕ ਇੰਟਰਲਾਕ ਟਾਈਲਾਂ ਨਾਲ ਭਰਿਆ ਹੋਇਆ ਸੀ।