ਆਪਣੇ ਵਰਕਰ ਨੇ ਹੀ ‘ਆਪ’ ਵਿਧਾਇਕ ਤੇ ਪੀਏ ਖਿਲਾਫ਼ ਮੁੱਖ ਮੰਤਰੀ ਨੂੰ ਭੇਜ ਦਿੱਤੀ ਸ਼ਿਕਾਇਤ, ਕਿਹਾ ਥਾਣੇਦਾਰ ਤੋਂ ਮੰਗੀ ਇਕ ਲੱਖ ਦੀ ਰਿਸ਼ਵਤ…

ਆਪਣੇ ਵਰਕਰ ਨੇ ਹੀ ‘ਆਪ’ ਵਿਧਾਇਕ ਤੇ ਪੀਏ ਖਿਲਾਫ਼ ਮੁੱਖ ਮੰਤਰੀ ਨੂੰ ਭੇਜ ਦਿੱਤੀ ਸ਼ਿਕਾਇਤ, ਕਿਹਾ ਥਾਣੇਦਾਰ ਤੋਂ ਮੰਗੀ ਇਕ ਲੱਖ ਦੀ ਰਿਸ਼ਵਤ…


ਜ਼ੀਰਕਪੁਰ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨਾ ਕਿਸੇ ਝਮੇਲੇ ਵਿਚ ਪਈ ਹੀ ਰਹਿੰਦੀ ਹੈ। ਕਦੀ ਕਿਸੇ ਮੰਤਰੀ ਨੇ ਕੋਈ ਪੰਗਾ ਖੜਾ ਕਰ ਦਿੱਤਾ ਅਤੇ ਕਦੀ ਕਿਸੇ ਵਿਧਾਇਕ ਦੇ ਮਸਲੇ ਕਾਰਣ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਪੰਗਾ ਜੋ ਪਿਆ ਹੈ ਇਹ ਕਿਸੇ ਵਿਧਾਇਕ ਜਾਂ ਮੰਤਰੀ ਕਾਰਨ ਨਹੀ ਸਗੋਂ ਕਿ ਇਕ ਪੀਏ ਕਾਰਨ ਪਿਆ ਹੈ। ਪਰ ਇਹ ਪੀਏ ਵੀ ਆਪ ਵਿਧਾਇਕ ਦਾ ਹੀ।

ਜਾਣਕਾਰੀ ਮੁਤਾਬਕ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ਨਿਤਿਨ ਲੂਥਰਾ ‘ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਇਹ ਦੋਸ਼ ਲਾਉਣ ਦੇ ਪਿੱਛੇ ਵੀ ਕੋਈ ਬਾਹਰਲਾ ਨਹੀਂ ਸਗੋਂ ਕਿ ਉਨ੍ਹਾਂ ਦੀ ਹੀ ਪਾਰਟੀ ਦਾ ਵਰਕਰ ਵਿਕਰਮ ਧਵਨ ਹੈ। ਵਿਕਰਮ ਧਵਨ ਨੇ ਦੋਸ਼ ਲਾਇਆ ਹੈ ਕਿ ਵਿਧਾਇਕ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਜ਼ੀਰਕਪੁਰ ਦੇ ਬਲਟਾਣਾ ਚੌਕੀ ਦੇ ਇੰਚਾਰਜ ਬਰਮਾ ਸਿੰਘ ਤੋਂ ਵਿਧਾਇਕ ਦੇ ਨਾਂ ‘ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ। ਸ਼ਿਕਾਇਤਕਰਤਾ ਨੇ ਇਹ ਸ਼ਿਕਾਇਤ ਵਿਧਾਇਕ ਰੰਧਾਵਾ ਅਤੇ ਉਨ੍ਹਾਂ ਦੇ ਪੀਏ ਨਿਤਿਨ ਲੂਥਰਾ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ (9501200200) ’ਤੇ ਸ਼ਿਕਾਇਤ ਦਰਜ ਕਰਵਾਈ ਹੈ।

ਬਲਟਾਣਾ ਦੇ ਵਾਰਡ ਨੰ-4 ਤੋਂ ਆਮ ਆਦਮੀ ਪਾਰਟੀ ਦਾ ਇੰਚਾਰਜ ਸ਼ਿਕਾਇਤਕਰਤਾ ਵਿਕਰਮ ਧਵਨ ਨੇ ਦੱਸਿਆ ਕਿ ਜਦੋਂ ਬਰਮਾ ਸਿੰਘ ਬਲਟਾਣਾ ਚੌਕੀ ਦਾ ਇੰਚਾਰਜ ਸੀ ਤਾਂ ਉਸ ਦਾ ਇੱਕ ਕੇਸ ਥਾਣੇ ਵਿੱਚ ਵਿਚਾਰ ਅਧੀਨ ਸੀ। ਇਸ ਦੌਰਾਨ ਬਰਮਾ ਸਿੰਘ ਨੂੰ ਅਚਾਨਕ ਚੌਕੀ ਇੰਚਾਰਜ ਤੋਂ ਹਟਾ ਕੇ ਜ਼ੀਰਕਪੁਰ ਥਾਣੇ ਵਿੱਚ ਤਾਇਨਾਤ ਕਰ ਦਿੱਤਾ ਗਿਆ। ਇਸ ਸਬੰਧੀ ਵਿਕਰਮ ਧਵਨ ਨੇ ਬਰਮਾ ਸਿੰਘ ਨਾਲ ਫ਼ੋਨ ‘ਤੇ ਸੰਪਰਕ ਕਰਕੇ ਉਨ੍ਹਾਂ ਦੇ ਮਾਮਲੇ ਦੀ ਸਥਿਤੀ ਜਾਨਣ ਲਈ ਕਿਹਾ। ਵਿਕਰਮ ਅਨੁਸਾਰ ਜਦੋਂ ਇਸ ਸਬੰਧੀ ਚੌਕੀ ਇੰਚਾਰਜ ਬਰਮਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ, ਜਦੋਂ ਉਨ੍ਹਾਂ ਨੇ ਨਹੀਂ ਦਿੱਤਾ ਤਾਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਗੱਲਬਾਤ ਨੂੰ ਵਿਕਰਮ ਧਵਨ ਨੇ ਰਿਕਾਰਡ ਕੀਤਾ ਹੈ। ਇਸ ਤੋਂ ਬਾਅਦ ਉਸ ਨੇ ਐਂਟੀ ਕੁਰੱਪਸ਼ਨ ਨੰਬਰ ‘ਤੇ ਸ਼ਿਕਾਇਤ ਭੇਜੀ ਅਤੇ ਸਬੂਤ ਵਜੋਂ ਇਹ ਰਿਕਾਰਡਿੰਗ ਕੀਤੀ।

ਦੂਜੇ ਪਾਸੇ ਵਿਧਾਇਕ ਕੁਲਜੀਤ ਰੰਧਾਵਾ ਤੇ ਪੀਏ ਨਿਤਿਨ ਲੂਥਰਾ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸ਼ਿਕਾਇਤ ਝੂਠੀ ਹੈ। ਜਦੋਂ ਬਲਟਾਣਾ ਚੌਕੀ ਦੇ ਸਾਬਕਾ ਇੰਚਾਰਜ ਇੰਜਰਾਜ ਬਰਮਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਹੈ। ਮੈਨੂੰ ਬੁਖਾਰ ਹੈ। ਮੈਂ ਹੁਣ ਗੱਲ ਨਹੀਂ ਕਰ ਸਕਦਾ।

error: Content is protected !!