‘ਮਾਨ’ ਦੇ ਨਾਂ ‘ਤੇ ਵੋਟਾਂ ਲੈ ਕੇ ਰਾਘਵ ਚੱਢਾ ਨੂੰ ਬਣਾਇਆ ‘ਮੁੱਖ ਮੰਤਰੀ’!… ਪੰਜਾਬੀ ਨਹੀਂ ਆਉਂਦੀ ਪਰ 3 ਕਰੋੜ ਪੰਜਾਬੀਆਂ ਦੇ ਮੁੱਦੇ ਹੱਲ ਕਰਨ ਦੀ ਹੋ ਰਹੀ ਗੱਲ…

‘ਮਾਨ’ ਦੇ ਨਾਂ ‘ਤੇ ਵੋਟਾਂ ਲੈ ਕੇ ਰਾਘਵ ਚੱਢਾ ਨੂੰ ਬਣਾਇਆ ‘ਮੁੱਖ ਮੰਤਰੀ’!… ਪੰਜਾਬੀ ਨਹੀਂ ਆਉਂਦੀ ਪਰ 3 ਕਰੋੜ ਪੰਜਾਬੀਆਂ ਦੇ ਮੁੱਦੇ ਹੱਲ ਕਰਨ ਦੀ ਹੋ ਰਹੀ ਗੱਲ…

 

ਜਲੰਧਰ (ਸੁੱਖ ਸੰਧੂ) ‘ਸਤਿ ਸ਼੍ਰੀ ਅਕਾਲ ਜੀ’ ਪੰਜਾਬੀਆਂ ਦੀ ਫਤਹਿ ਪ੍ਰਵਾਨ ਕਰਿਓ ਪਰ ਜਿਸ ਵਿਅਕਤੀ ਨੂੰ ਸਤਿ ਸ਼੍ਰੀ ਅਕਾਲ ਜੀ ਵੀ ਸਹੀ ਢੰਗ ਨਾਲ ਨਹੀਂ ਕਹਿਣਾ ਆਉਂਦਾ, ਉਸ ਨੇ ਅੱਜ ਪੰਜਾਬੀ ਭਾਸ਼ਾ ਵਿਚ ਖੁਦ ਨੂੰ ਪੰਜਾਬੀਆਂ ਦਾ ਰਾਜ ਸਭਾ ਵਿੱਚ ਨੁਮਾਇੰਦੇ ਦੋ ਤੌਰ ‘ਤੇ ਪੇਸ਼ ਕਰ ਕੇ ਪੰਜਾਬ ਦੇ 3 ਕਰੋੜ ਵਾਸੀਆਂ ਨੂੰ ਆਪਣੇ ਮੁੱਦੇ ਉਸ ਕੋਲ ਭੇਜ ਕੇ ਕੇਂਦਰ ਸਰਕਾਰ ਤਕ ਪਹੁੰਚਾਉਣ ਦੀ ਗੱਲ ਕਹੀ ਹੈ। ਆਪਣੇ ਵੱਲੋਂ ਜਾਰੀ ਕੀਤੀ 2 ਮਿੰਟ ਦੀ ਵੀਡੀਓ ਵਿਚ ਵੀ ਉਸ ਨੂੰ ਲਗਾਤਾਰ ਪੰਜਾਬੀ ਬੋਲਣ ਲਈ 36 ਵਾਰ ਟੇਕ ਲੈਣਾ ਪਿਆ। ਅਜਿਹਾ ਵਿਅਕਤੀ ਜੋ ਪੰਜਾਬ ਦੇ ਅਸਲ ਮੁੱਦੇ ਹਨ ਕੀ, ਇਹ ਵੀ ਨਹੀਂ ਜਾਣਦਾ ਅਤੇ ਉਸ ਲਈ ਵੀ ਆਮ ਲੋਕਾਂ ਦੀ ਸਲਾਹ ਮੰਗ ਰਿਹਾ ਹੈ, ਕੀ ਇਹ ਵਿਅਕਤੀ ਪੰਜਾਬ ਦੀ ਨੁਮਾਇੰਦੀ ਕਰਦੇ ਹੋਏ ਪੰਜਾਬੀਆਂ ਦੇ ਮਸਲਿਆਂ ਨੂੰ ਸਹੀ ਢੰਗ ਨਾਲ ਕੌਮੀ ਪੱਧਰ ਉੱਤੇ ਹੱਲ ਕਰਵਾ ਸਕਦਾ ਹੈ?… ਇਹ ਸਵਾਲ ਇਸ ਸਮੇਂ ਹਰ ਇਕ ਪੰਜਾਬੀ ਦੇ ਦਿਮਾਗ ਵਿਚ ਘੁੰਮ ਰਿਹਾ ਹੈ।
ਅਸੀ ਗੱਲ ਕਰ ਰਹੇ ਹਾਂ ਪੰਜਾਬ ਵੱਲੋਂ ਰਾਜ ਸਭਾ ਵਿਚ ਭੇਜੇ ਗਏ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਬਾਰੇ, ਜਿਨਾਂ ਨੇ ਕੁਝ ਸਮਾਂ ਪਹਿਲਾਂ ਹੀ ਟਵੀਟ ਕਰਦੇ ਹੋਏ ਇਕ ਵੀਡੀਓ ਵੀ ਜਾਰੀ ਕੀਤੀ ਅਤੇ ਖੁਦ ਨੂੰ ਪੰਜਾਬੀਆਂ ਦੇ ਮਸੀਹੇ ਵਜੋਂ ਪੇਸ਼ ਕੀਤਾ ਹੈ। ਹੁਣ ਸਵਾਲ ਇਹ ਬਣਦਾ ਹੈ ਕਿ ਜੇਕਰ ਰਾਘਵ ਚੱਢਾ ਨੂੰ 3 ਕਰੋੜ ਪੰਜਾਬੀਆਂ ਨੇ ਰਾਜ ਸਭਾ ਮੈਂਬਰ ਲਈ ਚੁਣਿਆ ਹੈ ਤਾਂ ਕਿ ਪੰਜਾਬੀਆਂ ਨੇ ਹੀ ਉਹਨਾਂ ਨੂੰ ਵੋਟ ਪਾਈ ਸੀ?… ਪੰਜਾਬੀਆਂ ਨੇ ਤਾਂ ਭਗਵੰਤ ਮਾਨ ਦੇ ਚਿਹਰੇ ਨੂੰ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਸੀ ਪਰ ਇਸ ਸਮੇਂ ਭਗਵੰਤ ਮਾਨ ਹੀ ਬੈਕਫੁੱਟ ‘ਤੇ ਚੱਲ ਰਹੇ ਹਨ। ਪੰਜਾਬ ਤੋਂ ਬਾਹਰੀ ਵਿਅਕਤੀ ਨੂੰ ਪੰਜਾਬ ਵੱਲੋਂ ਰਾਜ ਸਭਾ ਮੈਂਬਰ ਬਣਾਉਣਾ ਕਿਨਾ ਕੁ ਸਹੀ ਹੈ, ਇਹ ਤਾਂ ਅਸੀ ਸਾਰਿਆਂ ਨੇ ਉਸ ਸਮੇਂ ਹੋਏ ਵਿਰੋਧ ਵਿਚ ਦੇਖ ਹੀ ਲਿਆ ਸੀ ਪਰ ਇਹ ਵਿਰੋਧ ਕਿਸ ਕੰਮ ਦਾ, ਕਿਉਂਕਿ ਪੰਜਾਬ ਦੇ ਆਮ ਲੋਕਾਂ ਦਾ ਕੋਈ ਜੋਰ ਤਾਂ ਚੱਲਣਾ ਨਹੀਂ ਸੀ ਤੇ ਨਾ ਹੀ ਉਹਨਾਂ ਨੇ ਰਾਜ ਸਭਾ ਦੇ ਮੈਂਬਰ ਨੂੰ ਚੁਣਨ ਲਈ ਵੋਟ ਪਾਉਣੀ ਸੀ। ਫਿਰ ਰਾਘਵ ਚੱਢਾ ਜੀ ਇਹ ਗੱਲ਼ ਕਿਸ ਤਰਹਾਂ ਕਹਿ ਸਕਦੇ ਹਨ ਕਿ ਉਹਨਾਂ ਨੂੰ ਪੰਜਾਬ ਦੇ 3 ਕਰੋੜ ਲੋਕਾਂ ਨੇ ਰਾਜ ਸਭਾ ਦਾ ਮੈਂਬਰ ਬਣਾ ਕੇ ਭੇਜਿਆ ਹੈ।

ਜੇਕਰ ਉਹ ਮੰਨਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਹੀ ਉਹਨਾਂ ਨੂੰ ਨੁਮਾਇੰਦਾ ਚੁਣਿਆ ਹੈ ਤਾਂ ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੋਈ ਸੀਟ ਜਿੱਤ ਕੇ ਦਿਖਾਉਂਦੇ, ਜਾਂ ਫਿਰ 2024 ਵਿਚ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਲਈ ਪੰਜਾਬ ਦੀ ਕਿਸੇ ਸੀਟ ਤੋਂ ਉਮੀਦਵਾਰ ਵਜੋਂ ਖੜ੍ਹੇ ਹੋਣ ਤਾਂ ਜੋ ਪਤਾ ਲੱਗ ਸਕੇ ਕਿ ਲੋਕ ਉਹਨਾਂ ਨੂੰ ਆਪਣਾ ਪਿਆਰ ਦਿਖਾਉਂਦੇ ਹਨ ਜਾਂ ਫਿਰ ਨਕਾਰਦੇ ਹਨ। ਪੰਜਾਬ ਵਿਚ ਇਕ ਪੈਰਾਸ਼ੂਟ ਉਮੀਦਵਾਰ ਬਣ ਕੇ ਆਏ ਰਾਘਵ ਚੱਢਾ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਲਈ ਵਿਰੋਧੀ ਉਮੀਦਵਾਰ ਦੇ ਤੌਰ ਉੱਤੇ ਸਾਬਿਤ ਹੋ ਰਹੇ ਹਨ। ਜੇਕਰ ਪੰਜਾਬ ਵਿਚ ਇਕ ਰਾਜ ਸਭਾ ਮੈਂਬਰ ਰਹਿੰਦੇ ਹੋਏ ਰਾਘਵ ਚੱਢਾ ਖੁਦ ਨੂੰ ਲੋਕਾਂ ਦਾ ਨੁਮਾਇੰਦਾ ਮੰਨਦੇ ਹਨ ਅਤੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਜਾਂ ਫਿਰ ਉਹਨਾਂ ਲੋਕਾਂ ਵੱਲੋਂ ਆਪਣੇ ਇਲਾਕਿਆਂ ਵਿੱਚੋਂ ਚੁਣੇ ਹੋਏ ਨੁਮਾਇੰਦਿਆਂ ਤੋਂ ਵੀ ਉੱਪਰ ਹੋ ਕੇ ਸਿੱਧਾ ਖੁਦ ਨਾਲ ਹੀ ਆਪਣੇ ਮੁੱਦੇ ਦੱਸਣ ਤੇ ਉਹਨਾਂ ਨੂੰ ਹੱਲ ਕਰਨ ਦੀ ਗੱਲ ਕਹਿ ਰਹੇ ਹਨ ਤਾਂ ਅਸਿੱਧੇ ਤੌਰ ਉੱਤੇ ਇਹ ਹੀ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਦੇ ਅਸਲ ਮੁਖੀ ਤਾਂ ਰਾਘਵ ਚੱਢਾ ਹੀ ਹਨ।
ਪਹਿਲਾਂ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਬਣਾ ਕੇ ਰਾਘਵ ਚੱਢਾ ਨੂੰ ਉਸ ਦਾ ਚੇਅਰਮੈਨ ਬਣਾ ਦਿੱਤਾ ਗਿਆ। ਇਸ ਤੋਂ ਵੀ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਹਨ, ਸ਼ਾਇਦ ਇਸ ਲਈ ਹੀ ਸਰਕਾਰ ਨੂੰ ਸਲਾਹ ਦੇਣ ਲਈ ਇਕ ਸਲਾਹਕਾਰ ਕਮੇਟੀ ਬਣਾ ਦਿੱਤੀ ਗਈ ਅਤੇ ਇਸ ਦਾ ਚੇਅਰਮੈਨ ਵੀ ਪੰਜਾਬ ਤੋਂ ਬਾਹਰਲੇ ਵਿਅਕਤੀ ਨੂੰ ਬਣਾ ਦਿੱਤਾ ਗਿਆ। ਜੇਕਰ ਪੰਜਾਬ ਦੀ ਵਸਨੀਕ ਹੀ ਪੰਜਾਬ ਦੀ ਸਰਕਾਰ ਚਲਾਉਣ ਦੇ ਅਸਮੱਰਥ ਹੈ, ਤਾਂ ਫਿਰ ਇਕ ਬਾਹਰੀ ਵਿਅਕਤੀ ਜੋ 2 ਮਿੰਟ ਦੀ ਪੰਜਾਬੀ ਬੋਲਣ ਲਈ ਵੀ 36 ਟੇਕ ਲੈਂਦਾ ਹੈ ਉਹ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਸ ਤਰਹਾਂ ਪੰਜਾਬ ਸਰਕਾਰ ਦਾ ਸਾਥ ਦੇ ਸਕਦਾ ਹੈ। ਇਹ ਗੱਲ ਵੀ ਸਪੱਸ਼ਟ ਹੋ ਚੁੱਕੀ ਸੀ ਕਿ ਕਿਸੇ ਪਾਰਟੀ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਬਣਾਉਣ ਦਾ ਅਧਿਕਾਰ ਨਹੀਂ ਹੈ, ਜੇਕਰ ਕੋਈ ਅਜਿਹਾ ਕਰ ਸਕਦਾ ਹੈ, ਤਾਂ ਉਹ ਰਾਜਪਾਲ ਹੈ। ਪਰ ਇੱਥੇ ਤਾਂ ਸਭ ਕੁਝ ਉਲਟਾ ਹੋ ਰਿਹਾ ਹੈ।
ਬੀਤੇ ਦਿਨੀਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਇਕ ਵੀਡੀਓ ਟਵੀਟ ਕਰਦੇ ਹੋਏ ਉਸ ਦੀ ਕੈਪਸ਼ਨ ਲਿਖੀ ਸੀ ਕਿ ਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀ ਆਪਣੇ ਇਸ ਦਾਸ ਨੂੰ ਨਿਵਾਜ਼ਿਆ ਹੈ,ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦੀ ਆਵਾਜ਼ ਸੰਸਦ ਤੱਕ ਪਹੁੰਚੇ ਇਸ ਲਈ ਅੱਜ ਇੱਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ। 99109-44444 ‘ਤੇ ਕਾਲ ਕਰ ਕੇ ਤੁਸੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ। ਇਸ ਵੀਡੀਓ ਟਵੀਟ ਤੋਂ ਬਾਅਦ ਹੀ ਪੰਜਾਬ ਦੇ ਲੋਕਾਂ ਵਿਚ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਲਈ ਕਹਿਣ ਜਾਂ ਫਿਰ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ। ਇਸ ਸਵਾਲ ਦਾ ਜਵਾਬ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਇਕੱਲੇ ਬੈਠੇ ਸੋਚ ਰਹੇ ਹੋਣਗੇ ਕਿ ਉਹ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦਾ ਸਮਾਂ ਪੂਰਾ ਕਰਨ ਵੀ ਸਕਣਗੇ, ਜਾਂ ਫਿਰ ਰਾਹ ਵਿੱਚ ਹੀ ਕੋਈ ਰੋੜਾ ਉਹਨਾਂ ਵੱਲ ਉਛਾਲ ਕੇ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਰਾਘਵ ਚੱਢ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦੇਣਗੇ।
ਅੱਗੇ ਪੰਜਾਬ ਦੀ ਸਿਆਸਤ ਵਿਚ ਕੀ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਅਤੇ ਪੰਜਾਬ ਬਾਹਰੀ ਵਿਅਕਤੀਆਂ ਦੀ ਦਖਲਅੰਦਾਜੀ ਹੀ ਦੱਸੇਗੀ। ਪਰ ਇਕ ਗੱਲ ਜ਼ਰੂਰ ਹੈ, ਜਿਸ ਉਮੀਦ ਦੇ ਨਾਲ ਪੰਜਾਬ ਦੇ ਲੋਕਾਂ ਨੇ ਆਪਣੀ ਕੀਮਤੀ ਵੋਟ ਪਾ ਕੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੀ ਜਿੱਤ ਇਕਤਰਫਾ ਕੀਤੀ ਸੀ ਅਤੇ ਪੰਜਾਬ ਵਿੱਚੋਂ ਰਿਕਾਰਡ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ ਸਨ, ਉਹ ਉਮੀਦਾਂ ਪੰਜਾਬ ਦੇ ਲੋਕਾਂ ਦੀਆਂ ਟੁੱਟ ਰਹੀਆਂ ਹਨ।
error: Content is protected !!