ਜ਼ਮੀਨੀ ਵਿਵਾਦ ‘ਚ ਅਕਾਲੀ ਆਗੂ ਐੱਚ.ਐੱਸ. ਵਾਲੀਆ ਤੇ ਕੌਂਸਲਰ ਨਿੰਮਾ ‘ਤੇ ਲੱਗੇ ਗੁੰਡਾਗਰਦੀ ਦੇ ਦੋਸ਼, ਮਾਮਲਾ ਹੋਇਆ ਦਰਜ

ਜ਼ਮੀਨੀ ਵਿਵਾਦ ‘ਚ ਅਕਾਲੀ ਆਗੂ ਐਚ ਐਸ ਵਾਲੀਆ ਤੇ ਕੌਂਸਲਰ ਨਿੰਮਾ ਤੇ ਲੱਗੇ ਗੁੰਡਾਗਰਦੀ ਦੇ ਆਰੋਪ, ਮਾਮਲਾ ਹੋਇਆ ਦਰਜ

ਜਲੰਧਰ (ਰੰਗਪੁਰੀ) ਸਿਆਸੀ ਆਗੂਆਂ ਵੱਲੋਂ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਕਿੱਸੇ ਤਾਂ ਅਕਸਰ ਹੀ ਸੁਣੇ ਜਾਂਦੇ ਹਨ। ਸਥਾਨਕ ਸ਼ਹਿਰ ਵਿਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਸਿਆਸੀ ਆਗੂਆਂ ਨੇ ਗੁੰਡਾਗਰਦੀ ਕਰਦੇ ਹੋਏ ਪਹਿਲਾਂ ਤਾਂ ਨੌਜਵਾਨ ਨੂੰ ਬੰਦੀ ਬਣਾਇਆ ਤੇ ਬਾਅਦ ਵਿੱਚ ਧਮਕੀਆਂ ਦਿੰਦੇ ਹੋਏ ਉਸ ਦੀ ਵਾਹੀਯੋਗ ਜ਼ਮੀਨ ਉੱਤੇ ਵੀ ਕਬਜਾ ਕਰ ਲਿਆ। ਇਹ ਮਾਮਲਾ ਥਾਣਾ ਮਕਸੂਦਾ ਅਧੀਨ ਪੈਂਦੇ ਇਲਾਕੇ ਦਾ ਹੈ ਅਤੇ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਮਾਮਲੇ ਵਿਚ ਅਕਾਲੀ ਆਗੂ ਐੱਚਐੱਸ ਵਾਲੀਆ ਵਾਸੀ ਜਲੰਧਰ ਕੁੰਜ, ਕਾਂਗਰਸੀ ਕੌਂਸਲਰ ਨਿਰਮਲ ਸਿੰਘ ਨਿੰਮਾ ਵਾਸੀ ਬਲਦੇਵ ਨਗਰ, ਪ੍ਰਾਪਰਟੀ ਡੀਲਰ ਸਤਪਾਲ ਸ਼ਰਮਾ ਵਾਸੀ ਪ੍ਰਿਥਵੀ ਨਗਰ ਅਤੇ ਸੁਰਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹਨਾਂ ਖਿਲਾਫ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਆਰੋਪ ਲਗਾਉਂਦੇ ਹੋਏ ਪੀੜਤ ਹਰਵਿੰਦਰ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਕੋਟਲਾ ਨੇ ਦੱਸਿਆ ਕਿ ਉਸ ਦੇ ਦਾਦਾ ਸਰਵਣ ਸਿੰਘ ਨੇ ਸਾਲ 1962 ਵਿੱਚ ਪਿੰਡ ਕੋਟਲਾ ਵਿੱਚ ਹੀ 26 ਕਨਾਲ ਜ਼ਮੀਨ ਖਰੀਦੀ ਸੀ। ਉਸ ਤੋਂ ਬਾਅਦ ਉਸ ਦੇ ਪਿਤਾ ਨੇ ਵੀ ਉਸ ਜ਼ਮੀਨ ਉੱਪਰ ਹੀ ਖੇਤੀ ਕੀਤੀ। ਇਸ ਦੌਰਾਨ ਉਸ ਦੇ ਪਿਤਾ ਨੇ ਆਪਣੇ ਭਰਾ ਤੇ ਉਸ ਦੇ ਤਾਇਆ ਸੁਰਿੰਦਰ  ਸਿੰਘ ਤੇ ਭੂਆ ਨਾਲ ਮਿਲ ਕੇ ਕੇ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਇਸ ਦੌਰਾਨ ਕੇਸ ਅਦਾਲਤ ਵਿਚ ਵਿਚਾਰ ਅਧੀਨ ਸੀ ਤੇ ਉਸ ਦੇ ਪਿਤਾ ਦੀ 2015 ਵਿਚ ਮੌਤ ਹੋ ਗਈ, ਮੌਤ ਤੋਂ ਪਹਿਲਾਂ ਉਸ ਦੇ ਪਿਤਾ ਬਿਮਾਰ ਰਹਿਂਣ ਕਾਰਨ ਅਦਾਲਤ ਵੀ ਨਾ ਜਾ ਸਕੇ। ਇਸ ਦੌਰਾਨ ਉਹ ਆਪਣੇ ਪਿਤਾ ਦੀ ਜ਼ਮੀਨ ਵਾਹੁਣ ਲੱਗ ਪਿਆ।

ਉਸ ਦੇ ਪਿਤਾ ਦੇ ਬਿਮਾਰ ਰਹਿਣ ਕਾਰਨ ਜਦ ਉਹ ਅਦਾਲਤ ਨਾ ਜਾ ਸਕੇ ਤਾਂ ਅਦਾਲਤ ਨੇ ਤਾਇਆ ਸੁਰਿੰਦਰ ਸਿੰਘ ਅਤੇ ਉਸ ਦੀ ਭੂਆ ਦੇ ਨਾਂ 26 ਕਨਾਲਾਂ ਵਿੱਚ 13 ਕਨਾਲ ਜ਼ਮੀਨ ਕਰ ਦਿੱਤੀ ਸੀ। ਬਾਕੀ 13 ਕਨਾਲ ਜ਼ਮੀਨ ਨੂੰ ਸਰਕਾਰੀ ਐਲਾਨ ਕੇ ਉਥੋਂ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਪਹੁੰਚ ਕੀਤੀ ਅਤੇ ਅਦਾਲਤ ਦੇ ਹੁਕਮਾਂ ਉੱਤੇ ਉਹਨਾਂ ਨੇ ਜਮੀਨ ਉੱਪਰ ਕਬਜਾ ਕਰ ਲਿਆ। ਉਹਨਾਂ ਦੇ ਮਾਮਲੇ ਸਬੰਧੀ ਹਾਈ ਕੋਰਟ ਵਿਚ ਅਗਲੀ ਤਰੀਕ ਅਕਤੂਬਰ 2022 ਵਿਚ ਹੈ।

ਇਸ ਦੌਰਾਨ ਪੀੜਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ 7 ਅਗਸਤ ਨੂੰ ਜਦੋਂ ਉਹ ਕਿਤੇ ਬਾਹਰ ਗਿਆ ਹੋਇਆ ਸੀ ਤਾਂ ਉਸ ਦਾ ਛੋਟਾ ਭਰਾ ਖੇਤਾਂ ਵਿਚ ਮੋਟਰ ’ਤੇ ਸੀ। ਇਸ ਦੌਰਾਨ ਉਸ ਦੇ ਭਰੇ ਨੇ ਦੇਖਿਆ ਕਿ ਉਸ ਦਾ ਤਾਇਆ ਸੁਰਿੰਦਰ ਸਿੰਘ, ਕੌਂਸਲਰ ਨਿਰਮਲ ਨਿੰਮਾ ਵਾਸੀ ਬਲਦੇਵ ਨਗਰ, ਸਤਪਾਲ ਸ਼ਰਮਾ ਵਾਸੀ ਪ੍ਰਿਥਵੀ ਨਗਰ, ਅਕਾਲੀ ਆਗੂ ਐੱਚਐੱਸ ਵਾਲੀਆ ਅਤੇ ਹੋਰ ਅਣਪਛਾਤੇ ਤੇਜ਼ਧਾਰ ਹਥਿਆਰਾਂ ਨਾਲ ਆਏ ਅਤੇ ਉਸ ਨੂੰ ਕੁੱਟਮਾਰ ਕਰ ਕੇ ਬੰਦੀ ਬਣਾ ਕੇ ਟਰੈਕਟਰਾਂ ਨਾਲ ਉਸ ਦੀ ਬੀਜੀ ਹੋਈ ਫਸਲ ਨੂੰ ਤਬਾਹ ਕਰ ਦਿੱਤਾ ਅਤੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਆਪਣੇ ਨਾਲ ਲੈ ਗਏ। ਇਸ  ਤੋਂ ਬਾਅਦ ਉਹਨਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਜਦੋਂ ਇਸ ਬਾਰੇ ਅਕਾਲੀ ਨੇਤਾ ਐੱਚ.ਐੱਸ. ਵਾਲੀਆ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੇ ਸਾਥੀ ਕੌਂਸਲਰ ਨਿਰਮਲ ਨਿੰਮਾ ਨੂੰ ਜਾਣਬੁੱਝ ਦੇ ਬਦਨਾਮ ਕਰਨ ਲਈ ਝੂਠੇ ਮਾਮਲੇ ਵਿਚ ਲਪੇਟਿਆ ਜਾ ਰਿਹਾ ਹੈ, ਜਦ ਕਿ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਵੀ ਸਬੰਧ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਜਲਦ ਹੀ ਐੱਸਐੱਸਪੀ ਜਲੰਧਰ ਨੂੰ ਮਿਲ ਕੇ ਇਨਸਾਫ ਦੀ ਮੰਗ ਕਰਨ ਗਏ।

error: Content is protected !!