ਭਾਰਤੀ ਕਮਿਊਨਿਸਟ ਪਾਰਟੀ ਨੇ ਬਿਲਕੀਸ ਬਾਨੋ ਕੇਸ ਦੇ ਕਾਤਲਾਂ ਤੇ ਬਲਾਤਕਾਰੀਆਂ ਨੂੰ ਰਿਹਾਅ ਕਰਨ ਦੀ ਕੀਤੀ ਨਿੰਦਾ…

ਭਾਰਤੀ ਕਮਿਊਨਿਸਟ ਪਾਰਟੀ ਨੇ ਬਿਲਕੀਸ ਬਾਨੋ ਕੇਸ ਦੇ ਕਾਤਲਾਂ ਤੇ ਬਲਾਤਕਾਰੀਆਂ ਨੂੰ ਰਿਹਾਅ ਕਰਨ ਦੀ ਕੀਤੀ ਨਿੰਦਾ….

ਜਲੰਧਰ (ਵੀਓਪੀ ਬਿਊਰੋ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਸੂਬਾ ਕਮੇਟੀ ਨੇ ਗੁਜਰਾਤ ਸਰਕਾਰ ਵੱਲੋਂ ਬਿਲਕੀਸ ਬਾਨੋ ਤੇ ਉਸਦੇ ਪਰਿਵਾਰ ਦੇ ਮੁਜ਼ਰਮਾਂ ਨੂੰ ਰਿਹਾਅ ਕਰਨ ਦੀ ਨਿੰਦਾ ਕੀਤੀ ਹੈ।

ਪਾਰਟੀ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਾਤਲ, ਬਲਾਤਕਾਰੀ ਅਤੇ ਰਿਸ਼ਵਤਖੋਰਾਂ ਪ੍ਰਤੀ ਕੋਈ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ ਪਰ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਹਿੰਦੂਤਵੀ ਫਾਸ਼ੀਵਾਦ ਦੇ ਰਸਤੇ ਅੱਗੇ ਵਧਦਿਆਂ ਘੱਟ ਗਿਣਤੀਆਂ ਵਿੱਚ ਦਹਿਸ਼ਤ ਪਾਉਣ ਅਤੇ ਫਿਰਕੂ ਅਨਸਰਾਂ ਨੂੰ ਸ਼ਹਿ ਦੇਣ ਲਈ 2002 ਦੇ ਗੋਧਰਾ ਕਾਂਡ ਮਗਰੋਂ ਹੋਏ ਕਤਲੇਆਮ ਵਿੱਚ ਬਿਲਕੀਸ ਬਾਨੋ ਕੇਸ ਵਿੱਚ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਅਖੌਤੀ ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਰਿਹਾਅ ਕਰਕੇ ਨਿਆਂ ਸ਼ਾਸਤਰ ਦੀਆਂ ਧੱਜੀਆਂ ਉਡਾਈਆਂ ਹਨ।

ਉਨਾਂ ਕਿਹਾ ਕਿ ਆਰ.ਐਸ.ਐਸ.-ਭਾਜਪਾ ਰਾਜ ਵਿੱਚ ਘੱਟ ਗਿਣਤੀਆਂ ਅਤੇ ਦਲਿਤ ਔਰਤਾਂ ਦੇ ਬਲਾਤਕਾਰੀਆਂ ਪ੍ਰਤੀ ਨਰਮੀ ਵਰਤੀ ਜਾ ਰਹੀ ਹੈ। ਜਦਕਿ ਵੱਖਰੇ-ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਸਾਲਾਂਬੱਧੀ ਜੇਲੀਂ ਡੱਕਿਆ ਹੋਇਆ ਹੈ। ਉਨਾਂ ਨੂੰ ਹਰ ਨਿੱਕੀ ਜਿਹੀ ਗੱਲ ਦੀ ਅਸਹਿਮਤੀ ਦੇ ਅਧਾਰ ’ਤੇ ਹੀ ਜੇਲਾਂ ਵਿੱਚ ਤਾੜਿਆ ਜਾ ਰਿਹਾ ਹੈ ਤੇ ਜ਼ਮਾਨਤ ਲੈਣ ਦੇ ਕਾਨੂੰਨੀ ਅਧਿਕਾਰ ਤੋਂ ਵੀ ਵਾਂਝਿਆ ਕੀਤਾ ਜਾ ਰਿਹਾ ਹੈ।

ਉਨਾਂ ਇਸ ਵਰਤਾਰੇ ਨੂੰ ਫਿਰਕੂ ਫਾਸ਼ੀਵਾਦ ਗਰਦਾਨਦਿਆਂ ਲੋਕਾਂ ਨੂੰ ਇਸ ਡੰਡੇ ਦੇ ਰਾਜ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੱਤਾ।

error: Content is protected !!