ਲੁਧਿਆਣਾ ‘ਚ ਭਾਜਪਾ ਆਗੂ ਦਾ ਕਤਲ, ਬਚਾਅ ਲਈ ਆਏ ਬੇਟੇ ਦੀ ਵੀ ਕੀਤੀ ਕੁੱਟਮਾਰ…

ਲੁਧਿਆਣਾ ‘ਚ ਭਾਜਪਾ ਆਗੂ ਦਾ ਕਤਲ, ਬਚਾਅ ਲਈ ਆਏ ਬੇਟੇ ਦੀ ਵੀ ਕੀਤੀ ਕੁੱਟਮਾਰ…

ਲੁਧਿਆਣਾ (ਵੀਓਪੀ ਬਿਊਰੋ) ਅਪਰਾਧ ਨਗਰੀ ਦਾ ਰੂਪ ਧਾਰ ਰਹੇ ਲੁਧਿਆਣਾ ਸ਼ਹਿਰ ਵਿਚ ਹੁਣ ਆਮ-ਖਾਸ ਕੋਈ ਵੀ ਸੁਰੱਖਿਅਤ ਨਹੀ ਹੈ। ਨਿੱਤ ਵੱਧ ਰਹੇ ਅਪਰਾਧ ਵਿਚ ਅੱਜ ਵੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਇਕ ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਤਲ ਕਰਨ ਵਾਲੇ ਮੁਲਜ਼ਮ ਨਸ਼ੇੜੀ ਦੱਸੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਸ਼ਿਵਪੁਰੀ ਦੇ ਟੂਟੀਆਂ ਵਾਲਾ ਮੰਦਰ ਨੇੜੇ ਜਨਮ ਅਸ਼ਟਮੀ ਦੀ ਰਾਤ ਨੂੰ ਕੁਝ ਨੌਜਵਾਨ ਸ਼ਰਾਬ ਪੀ ਕੇ ਭਾਜਪਾ ਆਗੂ ਦੇ ਘਰ ਦੇ ਬਾਹਰ ਬੈਠ ਕੇ ਹੰਗਾਮਾ ਕਰ ਰਹੇ ਸਨ। ਭਾਜਪਾ ਨੇਤਾ ਭਾਰਤ ਭੂਸ਼ਣ ਸ਼ਰਮਾ ਵਾਸੀ ਸ਼ਿਵਪੁਰੀ ਨੇ ਉਨ੍ਹਾਂ ਨੂੰ ਹੰਗਾਮਾ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ। ਗੁੱਸੇ ‘ਚ ਆਏ ਨਸ਼ੇੜੀਆਂ ਨੇ ਭਾਜਪਾ ਆਗੂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲਾ ਸ਼ਾਂਤ ਕਰਨ ਆਏ ਉਸ ਦੇ ਲੜਕੇ ਰਾਜ ਕੁਮਾਰ ਦੀ ਵੀ ਕੁੱਟਮਾਰ ਕੀਤੀ ਗਈ।

ਇਸ ਦੌਰਾਨ ਹਮਲਾਵਰਾਂ ਨੇ ਦੋਵਾਂ ਪਿਓ-ਪੁੱਤ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਹੀ ਭਾਜਪਾ ਆਗੂ ਦੀ ਤਬੀਅਤ ਵਿਗੜ ਗਈ ਅਤੇ ਉਹ ਜ਼ਮੀਨ ‘ਤੇ ਡਿੱਗ ਪਏ। ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਕਿਹਾ ਹੈ ਕਿ ਜਦੋਂ ਤੱਕ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਥਾਣਾ ਡਿਵੀਜ਼ਨ ਨੰਬਰ 4 ਦੇ ਐਸਐਚਓ ਗੁਰਜੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਮੌਕੇ ਤੋਂ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ।

error: Content is protected !!