ਕਬੂਤਰ ਵਾਂਗ ਅੱਖਾਂ ਬੰਦ ਕਰ ਕੇ ਬੈਠੇ ਇਹ ਸਾਬਕਾ ਕਾਂਗਰਸੀ ਮੰਤਰੀ ਵੀ ਨਹੀਂ ਬੱਚ ਸਕਦੇ ‘ਆਪ’ ਦੀ ਬਾਜ਼ ਅੱਖ ਤੋਂ, ਚੰਨੀ ਦੇ ਨਾਲ ਹੁਣ ਮਨਪ੍ਰੀਤ ਬਾਦਲ ਲਈ ਵੀ ਮੁਸੀਬਤ ਦੀ ਘੜੀ, ਮਿਲੀ ਸ਼ਿਕਾਇਤ…

ਕਬੂਤਰ ਵਾਂਗ ਅੱਖਾਂ ਬੰਦ ਕਰ ਕੇ ਬੈਠੇ ਸਾਬਕਾ ਕਾਂਗਰਸੀ ਮੰਤਰੀ ਵੀ ਨਹੀਂ ਬੱਚ ਸਕਦੇ ‘ਆਪ’ ਦੀ ਬਾਜ਼ ਅੱਖ ਤੋਂ, ਚੰਨੀ ਦੇ ਨਾਲ ਹੁਣ ਮਨਪ੍ਰੀਤ ਬਾਦਲ ਲਈ ਵੀ ਮੁਸੀਬਤ ਦੀ ਘੜੀ, ਮਿਲੀ ਸ਼ਿਕਾਇਤ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਸ਼ੁਰੂ ਕੀਤੀ ਮੁਹਿੰਮ ਵਿਚ ਹੁਣ ਤਕ ਜੋ ਖੋਰਾ ਕਾਂਗਰਸ ਨੂੰ ਲੱਗਾ ਹੈ, ਇਸ ਤੋਂ ਉਭਰਨਾ ਕਾਂਗਰਸ ਲਈ ਸੌਖਾ ਨਹੀਂ ਹੈ। ਆਪ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਕਾਰਨ ਆਉਣ ਵਾਲੇ ਸਮੇਂ ਵਿਚ ਪੰਜਾਬ ਕਾਂਗਰਸ ਦੇ ਅੱਧੇ ਤੋਂ ਜਿਆਦਾ ਸਾਬਕਾ ਮੰਤਰੀ ਜੇਲ੍ਹ ਵਿਚ ਡੱਕੇ ਜਾ ਸਕਦੇ ਹਨ। ਇਕ ਤੋਂ ਬਾਅਦਇਕ ਸਾਬਕਾ ਕਾਂਗਰਸੀ ਮੰਤਰੀ ਦਾ ਕਿਸੇ ਨਾ ਕਿਸੇ ਘਪਲੇ ਵਿਚ ਨਾਮ ਸਾਹਮਣੇ ਆ ਰਿਹਾ ਹੈ ਅਤੇ ਉਨ੍ਹਾਂ ਦਾ ਧੜ ਪਕੜ ਵੀ ਹੋ ਰਹੀ ਹੈ। ਪਿੱਛਲੇ ਦਿਨੀਂ ਹੀ ਸਵੇਰ ਦੇ ਸਮੇਂ ਚੰਡੀਗੜ੍ਹ ਵਿਚ ਲਲਕਾਰਾ ਮਾਰਨ ਵਾਲੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਸ਼ਾਮ ਨੂੰ ਉਸ ਦੀ ਹੋਮ ਸਿਟੀ ਲੁਧਿਆਣਾ ਤੋਂ ਇਕ ਸੈਲੂਨ ਵਿੱਚੋਂ ਵਾਲ ਕਟਵਾਉਂਦੇ ਹੋਏ ਕਾਬੂ ਕੀਤਾ ਤਾਂ ਕਾਂਗਰਸ ਵਿਚ ਹਲਚਲ ਹੋਰ ਵੀ ਵੱਧ ਗਈ।
ਤੁਹਾਨੂੰ ਦੱਸ ਦੇਇਏ ਕਿ ਜਿੱਥੇ ਇਕ ਪਾਸੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਜੇਲ੍ਹ ਵਿਚ ਹਨ, ਉੱਥੇ ਹੀ ਦੂਜੇ ਪਾਸੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਭੋਆ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਇੱਕ ਵਾਰ ਗ੍ਰਿਫ਼ਤਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਜ਼ਮਾਨਤ ‘ਤੇ ਬਾਹਰ ਹਨ ਪਰ ਉਨ੍ਹਾਂ ਦੇ ਭਤੀਜੇ ਗ੍ਰਿਫਤਾਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਮਦਨਲਾਲ ਜਲਾਲਪੁਰ ਪੰਚਾਇਤੀ ਫੰਡ ਘੁਟਾਲੇ ਵਿੱਚ ਜਾਂਚ ਦੇ ਘੇਰੇ ਵਿੱਚ ਹੈ। ਇਸ ਤੋਂ ਇਲਾਵਾ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਵੀ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਜੇਲ੍ਹ ਵਿਚ ਹੈ ਅਤੇ ਇਸ ਮਾਮਲੇ ਵਿਚ ਚਰਨਜੀਤ ਸਿੰਘ ਚੰਨੀ ਕੋਲੋਂ ਵੀ ਪੁੱਛਗਿੱਛ ਹੋ ਚੁੱਕੀ ਹੈ ਅਤੇ ਇਸ ਸਮੇਂ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਉੱਪਰ ਹੀ ਹਨ। ਇਸ ਤੋਂ ਇਲਾਵਾ ਸਾਬਕਾ ਸੀਐੱਮ ਚੰਨੀ ‘ਤੇ 142 ਕਰੋੜ ਦੀ ਗ੍ਰਾਂਟ ਅਲਾਟ ਕਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ ਹੈ ਕਿ ਸੂਬੇ ਦੀ ਇਹ ਰਾਸ਼ੀ ਸਿਰਫ਼ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਵੰਡੀ ਗਈ ਹੈ। ਉਨ੍ਹਾਂ ਦੇ ਹਲਕੇ ਵਿੱਚ ਵੀ ਭਾਰੀ ਨਾਜਾਇਜ਼ ਮਾਈਨਿੰਗ ਹੋਈ ਹੈ, ਜਿਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਸ ਤੋਂ ਇਲਾਵਾ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਵਿਵਾਦਾਂ ਵਿਚ ਘਿਰ ਰਹੇ ਹਨ ਕਿਉਂਕਿ ਯੂਪੀ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਦੇਣ ਦੀ ਜਾਂਚ ਸਰਕਾਰ ਨੇ ਪੂਰੀ ਕਰ ਲਈ ਹੈ। ਇਸ ਮਾਮਲੇ ਵਿੱਚ ਵੀ ਵਿਜੀਲੈਂਸ ਸਰਕਾਰ ਦੀਆਂ ਹਦਾਇਤਾਂ ’ਤੇ ਕਿਸੇ ਵੇਲੇ ਵੀ ਜਾਂਚ ਸ਼ੁਰੂ ਕਰ ਸਕਦੀ ਹੈ ਅਤੇ ਇਸ ਦੇ ਨਾਲ ਹੀ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ‘ਤੇ ਜ਼ਮੀਨ ਘੁਟਾਲੇ ਦੇ ਦੋਸ਼ ਹਨ ਅਤੇ ਵਿਜੀਲੈਂਸ ਉਨ੍ਹਾਂ ‘ਤੇ ਵੀ ਸ਼ਿਕੰਜਾ ਕੱਸ ਸਕਦੀ ਹੈ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ‘ਤੇ ਸਰਕਟ ਹਾਊਸ ਦੀ ਜ਼ਮੀਨ ਸਸਤੇ ਭਾਅ ‘ਤੇ ਰਿਸ਼ਤੇਦਾਰ ਨੂੰ ਦੇਣ ਦਾ ਵੀ ਦੋਸ਼ ਹੈ। ਇੰਨਾ ਹੀ ਨਹੀਂ ਉਨ੍ਹਾਂ ‘ਤੇ ਸਸਤੇ ਸੈਨੀਟਾਈਜ਼ਰ ਮਹਿੰਗੇ ਭਾਅ ‘ਤੇ ਖਰੀਦਣ ਦਾ ਵੀ ਦੋਸ਼ ਹੈ।
ਇਨ੍ਹਾਂ ਸਾਰਿਆਂ ਤੋਂ ਪਾਸੇ ਜੋ ਹੁਣ ਨਵੀਂ ਖਬਰ ਸਾਹਮਣੇ ਆਈ ਹੈ, ਬਠਿੰਡਾ ਸ਼ਹਿਰੀ ਦੇ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਐੱਸਐੱਸਪੀ ਵਿਜੀਲੈਂਸ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਸ ਦੇ ਸਾਥੀਆਂ ਵਿਰੁੱਧ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਸਾਲ 2017 ਤੋਂ 2022 ਤੱਕ ਅਨਾਜ ਦੀ ਢੋਆ-ਢੁਆਈ ਲਈ ਸਾਬਕਾ ਵਿੱਤ ਮੰਤਰੀ ਵੱਲੋਂ ਜੇਬੀ ਕੰਟਰੈਕਟਰ ਨਾਂ ਫਰਮ ਲਈ ਟੈਂਡਰ ਲਏ ਗਏ ਸਨ। ਸਾਬਕਾ ਵਿੱਤ ਮੰਤਰੀ ਨੇ ਕਣਕ-ਝੋਨੇ ਦੀ ਢੋਆ-ਢੁਆਈ ਲਈ ਆਪਣੇ ਡਰਾਈਵਰ ਅਤੇ ਗੰਨਮੈਨ ਦੇ ਨਾਂ ’ਤੇ ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ। ਇਸ ਤੋਂ ਬਾਅਦ ਜਾਂਚ ਸ਼ੁਰੂ ਹੋਈ ਤਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਫਸ ਸਕਦੇ ਹਨ।
ਇਸ ਦੌਰਾਨ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਈ ਸਾਬਕਾ ਕਾਂਗਰਸੀ ਮੰਤਰੀ ਇਸ ਸਮੇਂ ਚੁੱਪ-ਚਾਪ ਬੈਠੇ ਹੋਏ ਹਨ ਅਤੇ ਕਿਸੇ ਵੀ ਵਿਵਾਦ ਸਬੰਧੀ ਕੋਈ ਵੀ ਬਿਆਨ ਨਹੀਂ ਦੇ ਰਹੇ, ਜਿਹਨਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂ ਸ਼ਾਮਲ ਹਨ ਪਰ ਦੇਖਣ ਨੂੰ ਇਸ ਤਰਹਾਂ ਲੱਗਦਾ ਹੈ ਕਿ ਜੇਕਰ ਇਹ ਖਾਮੋਸ਼ ਹੋ ਕੇ ਰੂਪੋਸ਼ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਹ ਕੋਸ਼ਿਸ਼ ਬੇਕਾਰ ਹੈ ਅਤੇ ਆਮ ਆਦਮੀ ਪਾਰਟੀ ਸਰਕਾਰ ਦੀ ਨਜ਼ਰ ਇਹਨਾਂ ਉਪਰ ਵੀ ਹੈ ਅਤੇ ਜੇਕਰ ਉਕਤ ਮਾਮਲਿਆਂ ਸਬੰਧੀ ਜਾਂਚ ਸ਼ੁਰੂ ਹੁੰਦੀ ਹੈ ਤਾਂ ਇਹ ਕਿਸੇ ਨਾ ਕਿਸੇ ਮੁਸਿਬਤ ਵਿਚ ਫਸ ਸਕਦੇ ਹਨ।
error: Content is protected !!