ਹਾਈਕਮਾਂਡ ਦੀ ਪੰਜਾਬ ਕਾਂਗਰਸ ਨੂੰ ਸਲਾਹ; ਘਰ ਦੀਆਂ ਗੱਲਾਂ ਚਾਰ-ਦੀਵਾਰੀ ‘ਚ ਹੀ ਚੰਗੀਆਂ ਲੱਗਦੀਆਂ ਨੇ, ਐਵੇ ਦਫਾ ਨਾ ਪੱਟੋ…

ਹਾਈਕਮਾਂਡ ਦੀ ਪੰਜਾਬ ਕਾਂਗਰਸ ਨੂੰ ਸਲਾਹ; ਘਰ ਦੀਆਂ ਗੱਲਾਂ ਚਾਰ-ਦੀਵਾਰੀ ‘ਚ ਹੀ ਚੰਗੀਆਂ ਲੱਗਦੀਆਂ ਨੇ, ਐਵੇ ਦਫਾ ਨਾ ਪੱਟੋ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਕਾਂਗਰਸ ਇਸ ਸਮੇਂ ਆਪਣੇ ਸਭ ਤੋਂ ਬੁਰੇ ਦੌਰ ਵਿੱਚੋਂ ਨਿਕਲ ਰਹੀ ਹੈ। ਅੰਦਰੂਨੀ ਕਲੇਸ਼ਾਂ ਨੇ ਹੀ ਪਾਰਟੀ ਦਾ ਵਿਧਾਨ ਸਭਾ ਚੋਣਾਂ ਵਿਚ ਨੁਕਸਾਨ ਕੀਤਾ ਸੀ ਅਤੇ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਵੀ ਪੰਜਾਬ ਕਾਂਗਰਸ ਦੇ ਆਗੂ ਇਕ-ਦੂਜੇ ਦਾ ਸਾਥ ਦੇਣ ਦੀ ਬਜਾਏ ਖਹਿਬਾਜੀ ਹੀ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਲਗਾਤਾਰ ਪੰਜਾਬ ਕਾਂਗਰਸ ਉੱਪਰ ਹਮਲਾ ਬੋਲ ਰਹੀ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਸਾਬਕਾ ਕਾਂਗਰਸੀ ਮੰਤਰੀਆਂ ਦੇ ਵਿਧਾਇਕਾਂ ਨੂੰ ਫੜ ਕੇ ਜੇਲ੍ਹਾਂ ਵਿਚ ਸੁੱਟ ਰਹੀ ਹੈ।

ਅਜਿਹੇ ਹਾਲਾਤ ਵਿਚ ਪੰਜਾਬ ਕਾਂਗਰਸ ਨੂੰ ਇਕਜੁੱਟ ਹੋ ਕੇ ਚੱਲਣਾ ਚਾਹੀਦਾ ਹੈ, ਨਾ ਕਿ ਆਪਸੀ ਕਾਟੋ-ਕਲੇਸ਼ ਨਾਲ ਆਪਣਾ ਹੀ ਘਰ ਪੁੱਟ ਕੇ ਵਿਰੋਧੀਆਂ ਨੂੰ ਮੌਕੇ ਦਿੱਤੇ ਜਾਣ। ਜੇਕਰ ਪੰਜਾਬ ਕਾਂਗਰਸ ਦੇ ਆਗੂਆਂ ਦੀ ਕੋਈ ਆਪਸੀ ਗੱਲ ਹੈ ਵੀ ਤਾਂ ਉਹ ਇਸ ਨੂੰ ਆਪਸ ਵਿਚ ਬੈਠ ਕੇ ਸੁਲਝਾਉਣ ਨਾ ਕਿ ਸੋਸ਼ਲ ਮੀਡੀਆ ਉੱਪਰ ਪੋਸਟਾਂ ਪਾ ਕੇ ਇਕ-ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨ। ਅਜਿਹਾ ਕਹਿਣਾ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦਾ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਮਾਮਲਾ ਅੰਦਰਖਾਤੇ ਵਿਚਾਰਿਆ ਜਾਣਾ ਚਾਹੀਦਾ ਹੈ, ਮੇਰੀ ਸਾਰੇ ਕਾਂਗਰਸੀਆਂ ਨੂੰ ਇਹੀ ਸਲਾਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਸਭ ਕੁਝ ਠੀਕ-ਠਾਕ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੋਈ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤ ਭੂਸ਼ਣ ਦੇ ਹੱਕ ਵਿਚ ਵਿਜੀਲੈਂਸ ਦਫਤਰ ਅੱਗੇ ਧਰਨਾ ਲਾਇਆ ਹੋਇਆ ਸੀ। ਇਸ ਦੇ ਜਵਾਬ ਵਿਚ ਹੀ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਸੀ ਕਿ ਜੇਕਰ ਕੋਈ ਸੱਚਾ ਹੈ ਤਾਂ ਖੁਦ ਹੀ ਬਰੀ ਹੋ ਜਾਵੇਗਾ, ਇਸ ਤਰਹਾਂ ਪਾਰਟੀ ਦੀ ਐਨਰਜੀ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਇਸ ਦੇ ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ, ਇਸ ਨਾਲ ਇੱਜ਼ਤ ਘੱਟ ਜਾਂਦੀ ਹੈ।

ਇਸ ਮਾਮਲੇ ਨੂੰ ਉਲ਼ਝਦਾ ਦੇਖ ਕੇ ਹੀ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸਲਾਹ ਦਿੱਤੀ ਹੈ ਕਿ ਅਜਿਹੇ ਔਖੇ ਸਮੇਂ ਵਿਚ ਇਕ-ਦੂਜੇ ਨਾਲ ਬਹਿਸਬਾਜੀ ਦੀ ਬਜਾਏ ਸਾਥ ਦੇ ਕੇ ਹੀ ਸਿਆਸੀ ਵਿਰੋਧੀਆਂ ਨੂੰ ਹਰਾਇਆ ਜਾ ਸਕਦਾ ਹੈ। ਦੂਜੇ ਪਾਸੇ ਹਰੀਸ਼ ਚੌਧਰੀ ਨੇ ਕਿਹਾ ਕਿ ਉਹ ਭਗਵੰਤ ਮਾਨ ਵੱਲੋਂ ਕੀਤੇ ਵਾਅਦਿਆਂ ਵਿੱਚ ਨਾਕਾਮ ਰਹੇ ਹਨ। ਉਹ ਸਾਬਕਾ ਕਾਂਗਰਸੀ ਮੰਤਰੀਆਂ ‘ਤੇ ਕਾਰਵਾਈ ਕਰਕੇ ਧਿਆਨ ਭਟਕਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਵਿੱਤ, ਵਿੱਤ, ਸਿਹਤ ਅਤੇ ਭ੍ਰਿਸ਼ਟਾਚਾਰ ਆਦਿ ਰਾਹੀਂ ਪੈਸਾ ਇਕੱਠਾ ਕਰਨ ਦੀ ਗੱਲ ਕੀਤੀ। ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਅਦਾ ਨਿਭਾਉਣਾ ਚਾਹੀਦਾ ਹੈ।

error: Content is protected !!