ਭਗਵੰਤ ਮਾਨ ਨੂੰ ਰਾਜਾ ਵੜਿੰਗ ਦਾ ਸਵਾਲ, ਕੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਡਰ ਲੱਗਦੈ!

ਭਗਵੰਤ ਮਾਨ ਨੂੰ ਰਾਜਾ ਵੜਿੰਗ ਦਾ ਸਵਾਲ, ਕੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਡਰ ਲੱਗਦੈ!


ਪੰਜਾਬ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਉਤੇ ਕੱਸੇ ਤੰਜ ‘ਚੰਨੀ ਕਿੱਥੇ ਹੈ’ ਤੋਂ ਬਾਅਦ ਪੰਜਾਬ ਦੀ ਸਿਆਸਤ ਮੁੜ ਭੱਖ ਗਈ ਹੈ। ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਠੋਕਵੇਂ ਜਵਾਬ ਤੋਂ ਬਾਅਦ ਹੁਣ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੀ ਮਾਨ ਉਤੇ ਤਿਖੇ ਸ਼ਬਦੀ ਹਮਲੇ ਕੀਤੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਸਵਾਲ ਕੀਤਾ ਕਿ ਕੁਝ ਮਹੀਨਿਆਂ ਲਈ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਕੋਲੋਂ ਤਾਂ ਹਿਸਾਬ ਲੈਣੈ ਪਰ ਤਕਰੀਬਨ ਪੰਜ ਸਾਲ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਕੋਈ ਜਾਣਕਾਰੀ ਨਹੀਂ ਲੈਣੀ। ਉਨ੍ਹਾਂ ਪੁੱਛਿਆ ਕਿ ਕਿਉਂ ਕੈਪਟਨ ਅਮਰਿੰਦਰ ਸਿੰਘ ਵੱਡੇ ਆਦਮੀ ਹਨ ਇਸ ਲਈ ਜਾਂ ਨਰਿੰਦਰ ਮੋਦੀ ਦੇ ਕਰੀਬ ਹਨ, ਇਸ ਲਈ ਉਨ੍ਹਾਂ ਕੋਲੋਂ ਡਰ ਲੱਗਦਾ ਹੈ।


ਇਸ ਤੋਂ ਇਲਾਵਾ, ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਲਿਆਂਦੀ ਗਈ ਮਾਈਨਿੰਗ ਪਾਲਸੀ ਉਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਿਰਫ ਰੇਤਾ-ਬੱਜਰੀ ਤੋਂ 20 ਹਜ਼ਾਰ ਕਰੋੜ ਰੁਪਏ ਕਮਾਉਣ ਦਾ ਦਾਅਵਾ ਕਰਦੇ ਸਨ। ਹੁਣ ਜਦੋਂ ‘ਆਪ’ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਹਨ ਤਾਂ ਕੇਜਰੀਵਾਲ ਸਿਰਫ 10 ਹਜ਼ਾਰ ਕਰੋੜ ਦਾ ਹੀ ਹਿਸਾਬ ਦੇ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਬੰਦੀ ਦੇ ਬਾਵਜੂਦ ਗ਼ੈਰਕਾਨੂੰਨੀ ਮਾਈਨਿੰਗ ਧੜੱਲੇ ਨਾਲ ਜਾਰੀ ਹੈ। ਪੰਜਾਬ ਸਰਕਾਰ ਕੋਲ ਰੇਤਾ ਦਾ ਕੋਈ ਸਟਾਕ ਨਹੀਂ ਪਰ ਰੇਤਾ ਵੇਚਣ ਦੀਆਂ ਜਨਤਕ ਸੂਚਨਾਵਾਂ ਦੇ ਕੇ ਸਰਕਾਰ ਵੱਲੋਂ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ।

error: Content is protected !!