ਸਿੱਖ ਵਿਦਿਆਰਥੀ ਕਕਾਰ ਸਮੇਤ ਪਰੀਖਿਆ ’ਚ ਬੈਠ ਸਕਣਗੇ, ਹਾਈ ਕੋਰਟ ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਦੇ ਹੱਕ ’ਚ ਸੁਣਾਇਆ ਫ਼ੈਸਲਾ

ਦਿੱਲੀ ਗੁਰਦੁਆਰਾ ਕਮੇਟੀ ਨੇ ਸਿੱਖ ਵਿਦਿਆਰਥੀਆਂ ਨੂੰ ਇਨਸਾਫ਼ ਦੁਆਉਣ ਲਈ ਲੜੀ ਲੰਮੀ ਕਾਨੂੰਨੀ ਲੜਾਈ
ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਾਇਰ ਕੀਤੀਆਂ ਗਈ ਪਟੀਸ਼ਨਾਂ ’ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਪਰੀਖਿਆ ਵਿਚ ਬੈਠਣ ਦੇ ਫ਼ੈਸਲੇ ’ਤੇ ਅੰਤਮ ਆਦੇਸ਼ ਵਿਦਿਆਰਥੀਆਂ ਦੇ ਪੱਖ ਵਿਚ ਸੁਣਾਇਆ ਹੈ ਜੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਵੱਡੀ ਜਿੱਤ ਹੈ। ਹਾਂਲਾਕਿ ਇਸ ਤੋਂ ਪਹਿਲਾ ਵੀ ਮਾਣਯੋਗ ਅਦਾਲਤ ਨੇ ਆਪਣਾ ਅੰਤਰਿਮ ਆਦੇਸ਼ ਸਿੱਖਾਂ ਦੇ ਹੱਕ ਵਿਚ ਹੀ ਦਿੱਤਾ ਸੀ ਦੋਹਾਂ ਆਗੂਆਂ ਨੇ ਕਿਹਾ ਕਿ ਸਿੱਖਾਂ ਨੂੰ ਪੇਸ਼ ਆਉਣ ਵਾਲੀ ਕਿਸੇ ਵੀ ਚੁਣੌਤੀ ਤੋਂ ਨਿਪਟਣ ਅਤੇ ਇਨਸਾਫ਼ ਦੁਆਉਣ ਲਈ ਅਸੀਂ ਵਚਨਬਧ ਹਾਂ।

ਸ. ਕਾਲਕਾ ਅਤੇ ਸ. ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ 2017 ’ਚ ਪਾਈ ਗਈ ਰਿਟ ਪਟੀਸ਼ਨ ਨੰਬਰ 7550 ਅਤੇ 10259 ’ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਦੇ ਮਾਣਯੋਗ ਚੀਫ਼ ਜਸਟਿਸ ਸਤੀਸ਼ ਚੰਦ੍ਰ ਮਿਸ਼ਰਾ ਅਤੇ ਜਸਟਿਸ ਸੁਬਰਾਮਣਯਮ ਪ੍ਰਸਾਦ ਦੀ ਡਬਲ ਬੈਂਚ ਨੇ ਅੱਜ ਆਪਣਾ ਅੰਤਮ ਫ਼ੈਸਲਾ ਸੁਣਾ ਦਿੱਤਾ। ਹਾਲਾਂਕਿ ਵਿਭਾਗਾਂ ਵੱਲੋਂ ਦਿੱਲੀ ਕਮੇਟੀ ਦੀ ਰਿਟ ਪਟੀਸ਼ਨ ਨੂੰ ਲਟਕਾਇਆ ਜਾ ਰਿਹਾ ਸੀ ਲੇਕਿਨ ਦਿੱਲੀ ਗੁਰਦੁਆਰਾ ਕਮੇਟੀ ਲਗਾਤਾਰ ਸੰਘਰਸ਼ ਕਰ ਰਹੀ ਸੀ ਜਿਸ ਦੇ ਚਲਦੇ ਅੱਜ ਮਹੱਤਵਪੂਰਣ ਸਫ਼ਲਤਾ ਹੱਥ ਲੱਗੀ ਹੈ। ਸਿੱਖ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਚਿੰਨ ਯਾਨੀ ਪੰਜ ਕੱਕਾਰ ਧਾਰਨ ਦਾ ਪੂਰਾ ਹੱਕ ਹੈ ਅਤੇ ਕਕਾਮ ਸਮੇਤ ਪਰੀਖਿਆ ਦੇਣ ਤੋਂ ਕੋਈ ਨਹੀਂ ਰੋਕ ਸਕਦਾ।
ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਸਾਰੇ ਤੱਥਾਂ, ਸਬੂਤਾਂ ਨੂੰ ਦਲੀਲਾਂ ਸਮੇਤ ਰੱਖਿਆ ਗਿਆ। ਇਹ ਫ਼ੈਸਲਾ ਸਿੱਖ ਕੌਮ ਲਈ ਬਹੁਤ ਵੱਡਾ ਫ਼ੈਸਲਾ ਹੈ ਜਿਸ ਨਾਲ ਸਿੱਖ ਕੌਮ ਨੂੰ ਵੱਡੀ ਰਾਹਤ ਮਿਲੀ ਹੈ।

