ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਰਾਜਪਾਲ ਨੂੰ ਸਲਾਹ, ਕਿਹਾ- ਮੁੱਖ ਮੰਤਰੀ ਮਾਨ ਖਿਲਾਫ਼ ਕਰਵਾਉਣ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਪੂਰਾ ਮਾਮਲਾ…

ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਰਾਜਪਾਲ ਨੂੰ ਸਲਾਹ, ਕਿਹਾ- ਮੁੱਖ ਮੰਤਰੀ ਮਾਨ ਖਿਲਾਫ਼ ਕਰਵਾਉਣ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਪੂਰਾ ਮਾਮਲਾ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੇਚ ਤਾਂ ਪਹਿਲਾ ਹੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਪਿਆ ਹੋਇਆ ਹੈ, ਉਪਰੋ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਕਤ ਮਾਮਲੇ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਇੱਥੇ ਤਕ ਕਹਿ ਦਿੱਤਾ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਜਾਅਲੀ ਪੱਤਰ ਭੇਜਣ ਦੇ ਦੋਸ਼ ਵਿੱਚ ਚੰਡੀਗੜ੍ਹ ਪੁਲਿਸ ਨੂੰ ਧੋਖਾਧੜੀ ਦਾ ਕੇਸ ਦਰਜ ਕਰਨ ਲਈ ਕਹਿਣਾ ਚਾਹੀਦਾ ਹੈ।

ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤੀ ਦਖਲ ਅੰਦਾਜ਼ੀ ਤੋਂ ਬਾਅਦ ਰਾਜਪਾਲ ਨੂੰ ਦੋ ਲੈਟਰ ਭੇਜੇ ਸਨ। ਜਿਨ੍ਹਾਂ ਵਿੱਚੋਂ ਇਕ ਵਿੱਚ ਤਾਂ ਪੰਜਾਬੀ ਵਿੱਚ ਲੈਟਰ ਲਿਖ ਤੇ ਰਾਜਪਾਲ ਨੁੰ ਸਖਤ ਸ਼ਬਦਾਵਲੀ ਵਿਚ ਜਵਾਬ ਦਿੱਤਾ ਗਿਆ ਸੀ ਅਤੇ ਦੂਜਾ ਲੈਟਰ ਅੰਗਰੇਜ਼ੀ ਵਿੱਚ ਲਿਖ ਕੇ ਬੇਨਤੀ ਕੀਤੀ ਗਈ ਸੀ। ਪੰਜਾਬੀ ਵਾਲਾ ਲੈਟਰ ਮੁੱਖ ਮੰਤਰੀ ਮਾਨ ਨੇ ਆਪਣੇ ਟਵੀਟਰ ਹੈਂਡਲ ‘ਤੇ ਵੀ ਸ਼ੇਅਰ ਕੀਤਾ ਸੀ। ਇਸ ਸਬੰਧੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਮਾਨ ਦੱਸਣ ਕਿ ਦੋਵਾਂ ਵਿੱਚੋਂ ਸਹੀ ਲੈਟਰ ਕਿਹੜਾ ਹੈ।

ਇਸੇ ਸਾਰੇ ਮਾਮਲੇ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਝੂਠੀ ਹੈ, ਇਸ ਲਈ ਪੰਜਾਬ ਦੇ ਲੋਕ ਇਸ ’ਤੇ ਭਰੋਸਾ ਕਿਵੇਂ ਕਰ ਸਕਦੇ ਹਨ।ਅਕਾਲੀ ਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਭੇਜੇ ਅੰਗਰੇਜ਼ੀ ਪੱਤਰ ਵਿੱਚ ਛੇੜਛਾੜ, ਜਾਅਲਸਾਜ਼ੀ ਅਤੇ ਧੋਖਾਧੜੀ ਕਰਕੇ ਲੋਕਾਂ ਨੂੰ ਗਲਤ ਸੰਦੇਸ਼ ਦੇਣ ਦਾ ਗੁਨਾਹ ਕੀਤਾ ਹੈ।ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਹੁੰ ਚੁਕਾਈ, ਉਹ ਧੋਖਾਧੜੀ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਅਜਿਹੇ ‘ਚ ‘ਆਪ’ ਦੇ ਬਾਕੀ ਐਲਾਨਾਂ ‘ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ।

error: Content is protected !!