ਡੇਰਾ ਮੁਖੀ ਦੀ ਪੈਰੋਲ ਸ਼ਾਂਤੀ ਲਈ ਖਤਰਾ, ਹਾਈ ਕੋਰਟ ਪਹੁੰਚਿਆ ਮਾਮਲਾ, ਕਿਹਾ-ਅਪਰਾਧੀ ਕਰ ਰਿਹਾ ਆਪਣਾ ਪ੍ਰਚਾਰ, ਇਸ ਦਿਨ ਹੋਵੇਗਾ ਫੈਸਲਾ…

ਡੇਰਾ ਮੁਖੀ ਦੀ ਪੈਰੋਲ ਸ਼ਾਂਤੀ ਲਈ ਖਤਰਾ, ਹਾਈ ਕੋਰਟ ਪਹੁੰਚਿਆ ਮਾਮਲਾ, ਕਿਹਾ-ਅਪਰਾਧੀ ਕਰ ਰਿਹਾ ਆਪਣਾ ਪ੍ਰਚਾਰ, ਇਸ ਦਿਨ ਹੋਵੇਗਾ ਫੈਸਲਾ…


ਚੰਡੀਗੜ੍ਹ (ਵੀਓਪੀ ਬਿਊਰੋ) 40 ਦਿਨ ਦੀ ਪੈਰੋਲ ਉੱਤੇ ਬਾਹਰ ਆਏ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਹਰ ਰੋਜ਼ ਵਿਵਾਦ ਜੁੜਦਾ ਹੀ ਜਾ ਰਿਹਾ ਹੈ। ਜਿੱਥੇ ਇਕ ਪਾਸੇ ਪੰਜਾਬ ਵਿੱਚ ਸਿੱਖ ਆਗੂਆਂ ਵੱਲੋਂ ਡੇਰਾ ਮੁਖੀ ਦੀ ਪੈਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਵੀ ਡੇਰਾ ਮੁਖੀ ਦੀ ਪੈਰੋਲ ਦਾ ਵਿਰੋਧ ਕਰ ਕੇ ਹਰਿਆਣਾ ਸਰਕਾਰ ਨੂੰ ਇਸ ਸਬੰਧੀ ਜਵਾਬ ਦੇਣ ਲਈ ਕਿਹਾ ਸੀ ਅਤੇ ਉਸ ਦੌਰਾਨ ਉਹਨਾਂ ਨੇ ਟਵੀਟ ਕਰ ਕੇ ਵੀ ਕਿਹਾ ਸੀ ਕਿ ਉਸ ਨੂੰ ਡੇਰਾ ਮੁਖੀ ਦੇ ਹਮਾਇਤੀ ਲਗਾਤਾਰ ਧਮਕੀਆਂ ਦੇ ਰਹੇ ਹਨ। ਉੱਥੇ ਹੀ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਡੇਰਾ ਮੁਖੀ ਦੀ ਪੈਰੋਲ ਦੇ ਖਿਲਾਫ ਮਾਮਲਾ ਪਹੁੰਚ ਗਿਆ ਹੈ ਅਤੇ ਡੇਰਾ ਮੁਖੀ ਦੀ ਪੈਰੋਲ ਨੂੰ ਸ਼ਾਂਤੀ ਲਈ ਖਤਰਾ ਦੱਸਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਗਈ ਹੈ।


ਜਾਣਕਾਰੀ ਮੁਤਾਬਕ ਐਡਵੋਕੇਟ ਐੱਚਸੀ ਅਰੋੜਾ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਪਟਿਸ਼ਨ ਦਾਇਰ ਕਰਦੇ ਹੋਏ ਕਿਹਾ ਹੈ ਕਿ ਰਾਮ ਰਹੀਮ ਨੂੰ ਪੈਰੋਲ ਮਿਲਣ ਨਾਲ ਸ਼ਾਂਤੀ ਭੰਗ ਹੋਣ ਦਾ ਖਤਰਾ ਬਹੁਤ ਵਧ ਗਿਆ ਹੈ। ਰਾਮ ਰਹੀਮ ਯੂ-ਟਿਊਬ ‘ਤੇ ਇਕ ਵੀਡੀਓ ਪੋਸਟ ਕਰ ਰਿਹਾ ਹੈ, ਜਿਸ ਨੂੰ ਡਿਲੀਟ ਕਰਨਾ ਚਾਹੀਦਾ ਹੈ। ਜਦ ਤੋਂ ਰਾਮ ਰਹੀਮ ਪੈਰੋਲ ‘ਤੇ ਬਾਹਰ ਆਇਆ ਹੈ, ਉਦੋਂ ਤੋਂ ਹੀ ਡੇਰਾ ਸਮਰਥਕਾਂ ਅਤੇ ਆਮ ਲੋਕਾਂ ਵਿਚਾਲੇ ਤਣਾਅ ਦਾ ਦੌਰ ਲਗਾਤਾਰ ਵਧਣ ਲੱਗਾ ਹੈ। ਇਸ ਸਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਦਾਇਰ ਇਸ ਪਟੀਸ਼ਨ ‘ਤੇ ਜਲਦ ਹੀ ਸੁਣਵਾਈ ਹੋਵੇਗੀ।


ਇਸ ਦੌਰਾਨ ਐਡਵੋਕੇਟ ਐੱਚਸੀ ਅਰੋੜਾ ਨੇ ਹਰਿਆਣਾ ਸਰਕਾਰ ਨੂੰ ਵੀ ਲੀਗਲ ਨੋਟਿਸ ਜਾਰੀ ਕਰਕੇ ਡੇਰਾ ਮੁਖੀ ਦੀ ਪੈਰੋਲ ਰੱਦ ਕਰਨ ਦੀ ਮੰਗ ਕੀਤੀ ਸੀ। ਐਡਵੋਕੇਟ ਐੱਚਸੀ ਅਰੋੜਾ ਨੇ ਕਿਹਾ ਕਿ ਰਾਮ ਰਹੀਮ ਬਹੁਤ ਗੰਭੀਰ ਅਪਰਾਧਾਂ ਦਾ ਦੋਸ਼ੀ ਹੈ ਅਤੇ ਅਜਿਹੇ ਅਪਰਾਧੀ ਨੂੰ ਪੈਰੋਲ ਦਾ ਲਾਭ ਨਹੀਂ ਦਿੱਤਾ ਜਾਣਾ ਚਾਹੀਦਾ। ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ‘ਤੇ ਬਰਨਾਵਾ ਆਸ਼ਰਮ ‘ਚ ਹੈ। ਇਸ ਦੌਰਾਨ ਉਹ ਪਹਿਲਾਂ ਵਾਂਗ ਸਟੇਜ ‘ਤੇ ਬੈਠਦਾ ਹੈ, ਆਨਲਾਈਨ ਆਉਂਦਾ ਹੈ ਅਤੇ ਹੱਥ ‘ਚ ਮੋਰ ਦੇ ਖੰਭ ਲੈ ਕੇ ਸਤਿਸੰਗ ਕਰਦਾ ਹੈ। ਇਸ ਤੋਂ ਇਲਾਵਾ ਉਹ ਭਜਨ ਵੀ ਗਾਉਂਦੇ ਹਨ ਅਤੇ ਸ਼ਰਧਾਲੂਆਂ ਨੂੰ ਗੁਰੂ ਮੰਤਰ ਸੁਣਾਉਂਦੇ ਹਨ।

error: Content is protected !!