ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੇ ਡੇਰੀ ਪ੍ਰੇਮੀ ਕਤਲਕਾਂਡ ਦੇ ਤਾਰ, ਪਰਿਵਾਰ ਨੇ ਸੰਸਕਾਰ ਤੋਂ ਕੀਤਾ ਇਨਕਾਰ ਤਾਂ ਪੁਲਿਸ ਨੇ ਕੀਤਾ ਇਹ ਖੁਲਾਸਾ…

 ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੇ ਡੇਰੀ ਪ੍ਰੇਮੀ ਕਤਲਕਾਂਡ ਦੇ ਤਾਰ, ਪਰਿਵਾਰ ਨੇ ਸੰਸਕਾਰ ਤੋਂ ਕੀਤਾ ਇਨਕਾਰ ਤਾਂ ਪੁਲਿਸ ਨੇ ਕੀਤਾ ਇਹ ਖੁਲਾਸਾ…

ਫਰੀਦਕੋਟ (ਵੀਓਪੀ ਬਿਊਰੋ) ਬੀਤੇ ਦਿਨੀਂ ਸਵੇਰ ਦੇ ਸਮੇਂ 5 ਬਦਮਾਸ਼ਾਂ ਵੱਲੋਂ ਸ਼ਰੇਆਮ ਫਾਇਰਿੰਗ ਕਰ ਕੇ ਕਤਲ ਕਰ ਦਿੱਤੇ ਗਏ ਡੇਰਾ ਪ੍ਰੇਮੀ ਦੀ ਮੌਤ ਤੋਂ ਉਸ ਦੇ ਪਰਿਵਾਰ ਨੇ ਰੋਸ ਵਜੋਂ ਸੰਸਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦ ਤਕ ਦੋਸ਼ੀ ਫੜ੍ਹੇ ਨਹੀਂ ਜਾਂਦੇ ਉਹ ਉਸ ਸਮੇਂ ਤਕ ਸੰਸਕਾਰ ਨਹੀਂ ਕਰਨਗੇ। ਸੂਤਰਾਂ ਮੁਤਾਬਕ ਇਸ ਦੇ ਨਾਲ ਹੀ ਜਾਂਚ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਡੇਰਾ ਪ੍ਰੇਮੀ ਦੇ ਕਤਲ ਮਾਮਲੇ ‘ਚ ਲਾਰੈਂਸ ਗੈਂਗ ਦੇ ਸ਼ੂਟਰਾਂ ਦਾ ਹੱਥ ਹੋ ਸਕਦਾ ਹੈ। ਸ਼ੁਰੂਆਤੀ ਜਾਂਚ ਵਿੱਚ ਇਨ੍ਹਾਂ ਵਿੱਚੋਂ 4 ਸ਼ੂਟਰ ਹਰਿਆਣਾ ਅਤੇ 2 ਸ਼ੂਟਰ ਫਰੀਦਕੋਟ ਦੇ ਦੱਸੇ ਜਾ ਰਹੇ ਹਨ। ਗੈਂਗਸਟਰ ਗੋਲਡੀ ਬਰਾੜ ਨੇ ਪਹਿਲਾਂ ਹੀ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਅਪਲੋਡ ਕੀਤੀ ਹੈ। ਫਿਲਹਾਲ ਪੰਜਾਬ ਪੁਲਸ ਦੇ ਅਧਿਕਾਰੀ ਇਸ ਮਾਮਲੇ ‘ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।
ਇਸ ਦੌਰਾਨ ਪੰਜਾਬ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੂੰ ਫੜਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਪੁਲੀਸ ਟੀਮਾਂ ਨੇ ਫਰੀਦਕੋਟ, ਖਰੜ, ਬਲੌਂਗੀ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਰਿਕਾਰਡ ਸਮੇਤ ਜ਼ਮਾਨਤ ’ਤੇ ਰਿਹਾਅ ਹੋਏ ਕੈਦੀਆਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਕਾਤਲਾਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਪੁਲਿਸ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਡੇਰਾ ਕਮੇਟੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਪੀੜਤ ਪਰਿਵਾਰ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਪ੍ਰਤੀ ਭਾਰੀ ਰੋਸ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਦੇ ਡੀਜੀਪੀ ਅਤੇ ਹੋਰਨਾਂ ਨੂੰ ਹਮਲਾਵਰਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ ਪਰ ਪੰਜਾਬ ਪੁਲਿਸ ਵਿਭਾਗ ਦੇ ਸੀਆਈਡੀ ਵਿੰਗ ਅਤੇ ਮੁਖਬਰ ਤੰਤਰ ਨੂੰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਸ਼ਾਂਤੀ ਦੀਆਂ ਧੱਜੀਆਂ ਕਿਵੇਂ ਉਡਾਈਆਂ ਗਈਆਂ? ਪੰਜ ਪੰਜ ਲੋਕ ਕਿਵੇਂ ਸ਼ਰੇਆਮ ਘੁੰਮ ਰਹੇ ਹਨ ਅਤੇ ਗੋਲੀਆਂ ਚਲਾ ਰਹੇ ਹਨ? ਮੁੱਖ ਮੰਤਰੀ ਨੂੰ ਇੱਕ ਗੱਲ ਯਾਦ ਰੱਖਣੀ ਪਵੇਗੀ ਕਿ ਦੂਜੇ ਸੂਬਿਆਂ ਵਿੱਚ ਚੋਣ ਲੜਨ ਵੇਲੇ ਭਾਵੇਂ ਉਨ੍ਹਾਂ ਨੂੰ ਥੋੜ੍ਹੀ-ਥੋੜ੍ਹੀ ਕਾਮਯਾਬੀ ਮਿਲ ਵੀ ਜਾਵੇ ਪਰ ਕੋਈ ਬਹੁਤਾ ਫਾਇਦਾ ਨਹੀਂ। ਪੰਜਾਬ ਵਿੱਚ ਉਸ ਦੀ ਹਾਲਤ ਦਿਨੋ-ਦਿਨ ਗੋਲੀਆਂ ਚੱਲਣ ਕਾਰਨ ਪਤਲੀ ਹੁੰਦੀ ਜਾ ਰਹੀ ਹੈ, ਇਹ ਵੀ ਧਿਆਨ ਵਿੱਚ ਰੱਖੋ। ਕੀ ਉਹ ਜਾਣਦੇ ਹਨ ਕਿ ਇਸ ਹਫ਼ਤੇ ਅੰਮ੍ਰਿਤਸਰ, ਬਟਾਲਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਕਿੰਨੀਆਂ ਲੁੱਟਾਂ-ਖੋਹਾਂ ਹੋਈਆਂ ਹਨ? ਕਿੰਨੀਆਂ ਥਾਵਾਂ ‘ਤੇ ਗੋਲੀਬਾਰੀ ਹੋਈ ਅਤੇ ਇਸ ਕਾਨੂੰਨ ਵਿਵਸਥਾ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਪਰਿਵਾਰ ਇਹ ਕਹਿ ਰਹੇ ਹਨ ਕਿ ਹੁਣ ਉਹ ਕਦੇ ਪੰਜਾਬ ਨਹੀਂ ਆਉਣਗੇ, ਦੇਸ਼ ਨਹੀਂ ਆਉਣਗੇ। ਪਹਿਲਾਂ ਪੰਜਾਬ ਦੀ ਚਿੰਤਾ ਕਰੀਏ। ਇਸ ਨੂੰ ਅੱਤਵਾਦ ਦੇ ਨਵੇਂ ਮਾਡਲ ਤੋਂ ਬਚਾਓ ਅਤੇ ਫਿਰ ਦੂਜੇ ਸੂਬਿਆਂ ਵਿਚ ਚੋਣਾਂ ਤੋਂ ਬਾਅਦ ਦੌੜੋ।

error: Content is protected !!