ਅੰਤਰ-ਰਾਸ਼ਟਰੀ ਵਪਾਰ ਮੇਲਾ-2022 ਵਿਚ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ ਲੋਕਾਂ ਲਈ ਬਣਿਆਂ ਖਿੱਚ ਦਾ ਕੇਂਦਰ
25 ਨਵੰਬਰ ਨੂੰ ਮਨਾਇਆ ਜਾਵੇਗਾ ਪੰਜਾਬ ਦਾ ਸਭਿਚਾਰਾਕ ਦਿਨ
ਨਵੀਂ ਦਿੱਲੀ, 15 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):– ਪੰਜਾਬ ਦੇ ਸਭਿਆਚਾਰ, ਵਿਰਸੇ ਅਤੇ ਸੂਬੇ ਦੇ ਵੱਖ-ਵੱਖ ਵਿਭਾਗਾਂ ਅਤੇ ਹਸਤਕਲਾ ਦੇ ਉਤਪਾਦਾਂ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ ਇਥੇ ਚੱਲ ਰਹੇ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲੇ ਦੌਰਾਨ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਸਾਲ ਦੇ ਵਪਾਰ ਮੇਲੇ ਦਾ ਥੀਮ `ਵੋਕਲ ਫਾਰ ਲੋਕਲ, ਲੋਕਲ ਟੂ ਗਲੋਬਲ` ਹੈ। ਇਸੇ ਥੀਮ ਨੂੰ ਅਧਾਰ ਬਣਾਕੇ ਹੀ ਪੰਜਾਬ ਸਰਕਾਰ ਵੱਲੋਂ ਪੈਵਿਲੀਅਨ ਬਣਾਇਆ ਗਿਆ ਹੈ।

ਇਹ 41ਵਾਂ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ 14 ਨਵੰਬਰ ਤੋਂ 27 ਨਵੰਬਰ 2022 ਤੱਕ ਇਥੋਂ ਦੇ ਪ੍ਰਗਤੀ ਮੈਦਾਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਇਸ ਥੀਮ ਨੂੰ ਲੈ ਕੇ ਹੀ ਮੁਲਕ ਦੇ ਵੱਖ-ਵੱਖ ਸੂਬੇ ਆਪਣੇ ਵੱਲੋਂ ਵਿਕਾਸ ਦੀਆਂ ਭਰੀਆਂ ਪੁਲਾਂਘਾਂ ਨੂੰ ਇਥੇ ਦਰਸਾ ਰਹੇ ਹਨ। ਇਸ ਵਪਾਰ ਮੇਲੇ ਵਿਚ ਹੋਰਨਾਂ ਮੁਲਕਾਂ ਵੱਲੋਂ ਵੀ ਸ਼ਿਰਕਤ ਕੀਤੀ ਜਾ ਰਹੀ ਹੈ। ਇਸ ਵਾਰ ਪੰਜਾਬ ਪੈਵਿਲੀਅਨ ਹਾਲ-4 ਦੀ ਪਹਿਲੀ ਮੰਜ਼ਿਲ `ਤੇ ਤਿਆਰ ਕੀਤਾ ਗਿਆ ਹੈ।

