ਪੰਜਾਬ ਪੁਲਿਸ ਦੇ ਜਵਾਨਾਂ ਕੋਲੋਂ ਹੀ ਕਾਰ ਖੋਹ ਕੇ ਲੈ ਗਏ ਲੁਟੇਰੇ, ਕਹਿੰਦੇ ਸਾਨੂੰ ਦਿਖਾਈ ਪਿਸਤੌਲ ਤਾਂ ਅਸੀਂ ਡਰ ਗਏ

ਪੰਜਾਬ ਪੁਲਿਸ ਦੇ ਜਵਾਨਾਂ ਕੋਲੋਂ ਹੀ ਕਾਰ ਖੋਹ ਕੇ ਲੈ ਗਏ ਲੁਟੇਰੇ, ਕਹਿੰਦੇ ਸਾਨੂੰ ਦਿਖਾਈ ਪਿਸਤੌਲ ਤਾਂ ਅਸੀਂ ਡਰ ਗਏ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਅਪਰਾਧੀ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਹੁਣ ਉਹ ਪੰਜਾਬ ਪੁਲਿਸ ਦੇ ਜਵਾਨਾਂ ਕੋਲੋਂ ਵੀ ਸ਼ਰੇਆਮ ਹੀ ਕਾਰਾਂ ਖੋਹਣ ਲੱਗ ਪਏ ਹਨ। ਜਿੱਥੇ ਨਿੱਤ ਦਿਨ ਕਿਤੇ ਨਾ ਕਿਤੇ ਗੋਲ਼ੀਆਂ ਚੱਲਣ, ਕਤਲ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਹੁਣ ਆਮ ਹੋ ਗਈਆਂ ਹਨ, ਉੱਥੇ ਹੀ ਹੁਣ ਪੁਲਿਸ ਵਾਲਿਆਂ ਤੋਂ ਕਾਰਾਂ ਖੋਹਣ ਦੇ ਨਾਲ ਆਮ ਲੋਕ ਖੁਦ ਨੂੰ ਕਿਸ ਤਰਹਾਂ ਸੁਰੱਖਿਅਤ ਮੰਨ ਸਕਦੇ ਹਨ। ਹੁਣ ਜੋ ਘਟਨਾ ਸਾਹਮਣੇ ਆਈ ਹੈ, ਉਸ ਨੂੰ ਪੜ੍ਹ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਇਹ ਸੱਚ ਹੈ ਕਿ ਪੰਜਾਬ ਪੁਲਿਸ ਦੇ ਦੋ ਜਵਾਨਾਂ ਕੋਲੋਂ 3 ਲੁਟੇਰੇ ਪਿਸਤੋਲ ਦਿਖਾ ਕੇ ਉਹਨਾਂ ਦੀ ਕਾਰ ਲੈ ਕੇ ਫਰਾਰ ਹੋ ਗਏ।

ਉਕਤ ਘਟਨਾ ਅੰਮ੍ਰਿਤਸਰ ਜੰਡਿਆਲਾ ਗੁਰੂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸ਼ਵੀਪੁਰ ਦੀ ਫਿਰਨੀ ਲਿੰਕ ਰੋਡ ‘ਤੇ ਐਤਵਾਰ ਦੇਰ ਸ਼ਾਮ ਵਾਪਰੀ। ਜਾਣਕਾਰੀ ਅਨੁਸਾਰ ਰਾਜਾਸਾਂਸੀ ਸੁਵਿਧਾ ਕੇਂਦਰ ‘ਚ ਤਾਇਨਾਤ ਮੁਲਾਜ਼ਮ ਓਮਕਾਰ ਸਿੰਘ 27 ਨਵੰਬਰ ਦੀ ਦੇਰ ਸ਼ਾਮ ਇਕ ਹੋਰ ਸਾਥੀ, ਜੋ ਕਿ ਅੰਮ੍ਰਿਤਸਰ ਦੀ ਸਾਈਬਰ ਬ੍ਰਾਂਚ ‘ਚ ਤਾਇਨਾਤ ਹੈ, ਨਾਲ ਕਾਰ ‘ਚ ਫਗਵਾੜਾ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਜੰਡਿਆਲਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸ਼ਵੀਪੁਰ ਦੀ ਫਿਰਨੀ ਲਿੰਕ ਰੋਡ ਨੇੜੇ ਆਉਂਦਿਆਂ ਉਸ ਨੇ ਕਾਰ ਰੋਕ ਕੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਾਈਕ ਸਵਾਰ ਤਿੰਨ ਨੌਜਵਾਨ ਉਥੇ ਪਹੁੰਚ ਗਏ। ਇਕ ਨੌਜਵਾਨ ਨੇ ਆਪਣੀ ਬਾਈਕ ਨੂੰ ਮੋੜ ਕੇ ਸਟਾਰਟ ਕੀਤਾ ਤਾਂ ਬਾਕੀ ਦੋ ਵਿਅਕਤੀ ਉਸ ਕੋਲ ਆ ਗਏ।

ਥਾਣਾ ਜੰਡਿਆਲਾ ਦੇ ਵਧੀਕ ਇੰਚਾਰਜ ਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਪੀੜਤ ਓਮਕਾਰ ਸਿੰਘ ਨੇ ਦੱਸਿਆ ਕਿ ਉਸ ਕੋਲ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਕਾਰ ਦੀ ਚਾਬੀ ਮੰਗੀ। ਇਨਕਾਰ ਕਰਨ ‘ਤੇ ਇਕ ਦੋਸ਼ੀ ਨੇ ਪਿਸਤੌਲ ਕੱਢ ਲਿਆ ਅਤੇ ਧਮਕੀ ਦੇ ਕੇ ਦੁਬਾਰਾ ਚਾਬੀਆਂ ਮੰਗੀਆਂ। ਸ਼ਿਕਾਇਤਕਰਤਾ ਨੇ ਘਬਰਾ ਕੇ ਚਾਬੀਆਂ ਲੁਟੇਰਿਆਂ ਨੂੰ ਸੌਂਪ ਦਿੱਤੀਆਂ ਅਤੇ ਲੁਟੇਰੇ ਕਾਰ ਨੂੰ ਗਲਤ ਸਾਈਡ ’ਤੇ ਮੋੜ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਓਮਕਾਰ ਸਿੰਘ ਰਾਜਾਸਾਂਸੀ ਦੇ ਸੁਵਿਧਾ ਕੇਂਦਰ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਹੈ ਜਦਕਿ ਉਸ ਦਾ ਦੂਜਾ ਸਾਥੀ ਅੰਮ੍ਰਿਤਸਰ ਦੀ ਸਾਈਬਰ ਸ਼ਾਖਾ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲੁਟੇਰੇ ਜਿਸ ਰਸਤੇ ਕਾਰ ਲੈ ਕੇ ਗਏ ਸਨ, ਉਸ ਰਸਤੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਗਿਆ ਸੀ ਪਰ ਕੈਮਰਿਆਂ ਦੀ ਕੁਆਲਿਟੀ ਖਰਾਬ ਹੋਣ ਕਾਰਨ ਪੁਲਸ ਨੂੰ ਕੋਈ ਸਫਲਤਾ ਨਹੀਂ ਮਿਲ ਸਕੀ।

error: Content is protected !!