ਸਿੱਧੂ ਮੂਸੇਵਾਲਾ ਦੇ ਪਿਤਾ ਦਾ ਐਲਾਨ- ਜਿਹੜਾ ਮੇਰੇ ਪੁੱਤ ਦੇ ਕਾਤਲ ਗੋਲਡੀ ਬਰਾੜ ਨੂੰ ਫੜੂ, ਉਸ ਨੂੰ 2 ਕਰੋੜ ਰੁਪਏ ਦੇਵਾਂਗੇ

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਐਲਾਨ- ਜਿਹੜਾ ਮੇਰੇ ਪੁੱਤ ਦੇ ਕਾਤਲ ਗੋਲਡੀ ਬਰਾੜ ਨੂੰ ਫੜੂ, ਉਸ ਨੂੰ 2 ਕਰੋੜ ਰੁਪਏ ਦੇਵਾਂਗੇ

ਅੰਮ੍ਰਿਤਸਰ (ਵੀਓਪੀ ਬਿਊਰੋ) 29 ਮਈ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਉਸ ਦੇ ਪੁੱਤਰ ਦੇ ਕਾਤਲ ਗੋਲਡੀ ਬਰਾੜ ਨੂੰ ਫੜਨ ਵਿੱਚ ਮਦਦ ਕਰੇਗਾ, ਉਸ ਨੂੰ ਉਹ 2 ਕਰੋੜ ਰੁਪਏ ਦੇਵੇਗਾ। ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਤੋਂ 2 ਕਰੋੜ ਰੁਪਏ ਦਾ ਟੈਕਸ ਵਸੂਲਦੀ ਰਹੀ ਹੈ। ਮਰਨ ਤੋਂ ਬਾਅਦ ਵੀ 2 ਕਰੋੜ ਰੁਪਏ ਦਾ ਟੈਕਸ ਸਰਕਾਰ ਕੋਲ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦੇ ਕਾਤਲ ਗੋਲਡੀ ਬਰਾੜ ਨੂੰ ਫੜਨ ਵਾਲੇ ਨੂੰ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਜਾਵੇ। ਜੇਕਰ ਆਮ ਆਦਮੀ ਪਾਰਟੀ ਕੋਲ ਪੈਸੇ ਨਹੀਂ ਹਨ ਤਾਂ ਉਹ ਇਹ ਪੈਸੇ ਦੇਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜ਼ਮੀਨ ਵੇਚਣੀ ਪਵੇ। ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਲਾਰੈਂਸ ਅਤੇ ਜੱਗੂ ਨੂੰ ਬਚਾ ਰਹੀ ਹੈ। ਗੋਲਡੀ ਬਰਾੜ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ। ਅਜਿਹਾ ਕਿਉਂ ਕੀਤਾ ਜਾ ਰਿਹਾ ਹੈ?

ਬਲਕੌਰ ਸਿੱਧੂ ਅੰਮ੍ਰਿਤਸਰ ਦੇ ਵੇਰਕਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਪੁੱਜੇ ਹੋਏ ਸਨ। ਇਸ ਦੌਰਾਨ ਉਹਨਾਂ ਨੇ ਸਟੇਜ ਤੋਂ ਇਹ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਸਟੇਜ ਤੋਂ ਆਪਣਾ ਦੁੱਖ ਸਾਂਝਾ ਕਰਨ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਪਿਛਲੇ ਦਿਨੀਂ ਇੰਟਰਪੋਲ ਅਤੇ ਦਿੱਲੀ ਪੁਲਿਸ ਦੀ ਮਦਦ ਨਾਲ ਫੜੇ ਗਏ ਕਾਤਲ ਰਾਜਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ 2018 ਵਿੱਚ ਇੱਕ ਪੰਜਾਬੀ ਨੇ ਆਸਟ੍ਰੇਲੀਆ ਵਿੱਚ ਇੱਕ ਕੁੜੀ ਦਾ ਕਤਲ ਕਰਕੇ ਪੰਜਾਬ ਵਿੱਚ ਲੁਕ ਗਿਆ ਸੀ, ਪਰ ਆਸਟ੍ਰੇਲੀਅਨ ਸਰਕਾਰ ਨੇ 10 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਦੋਸ਼ੀ ਨੂੰ ਕੁਝ ਦਿਨ ਪਹਿਲਾਂ ਹੀ ਫੜਿਆ ਗਿਆ ਸੀ। ਇਸੇ ਤਰ੍ਹਾਂ ਗੋਲਡੀ ਬਰਾੜ ਨੂੰ ਫੜਨ ਲਈ ਵੀ ਇਨਾਮ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ।

error: Content is protected !!